ਪੰਜਾਬ ਯੂਨੀਵਰਸਿਟੀ ਦੇ ‘ਲਾਅ ਫੈਸਟ’ ਦੌਰਾਨ ਵਿਦਿਆਰਥੀਆਂ ਨਾਲ ਹੋਏ ਰੂਬਰੂ
ਚੰਡੀਗੜ੍ਹ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਨੌਜਵਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਅਤੇ ਜਿਸ ਦੇਸ਼ ਵਿੱਚ 60 ਫੀਸਦੀ ਵਸੋਂ ਨੌਜਵਾਨਾਂ ਦੀ ਹੋਵੇ, ਉਸ ਦੇਸ਼ ਵਿੱਚ ਨੌਜਵਾਨਾਂ ਲਈ ਵੱਖਰਾ ਬਜਟ ਅਤੇ ‘ਯੁਵਾ ਨੀਤੀ’ ਨਾ ਹੋਣਾ ਬਹੁਤ ਦੁਖਦਾਈ ਹੈ।’’ ਇਹ ਗੱਲ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਨੂੰਨ ਵਿਭਾਗ ਵੱਲੋਂ ‘ਲਾਅ ਆਡੀਟੋਰੀਅਮ’ ਵਿਖੇ ਕਰਵਾਏ ਪਹਿਲੇ ‘ਲਾਅ ਫੈਸਟ’ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਹੀ। ਸ. ਸਿੱਧੂ ਨੇ ਕਿਹਾ ਕਿ ਦੇਸ਼ ਦੀ ਅੱਧੀ ਤੋਂ ਵੱਧ ਵਸੋਂ ਨੌਜਵਾਨਾਂ ਦੀ ਹੈ ਪ੍ਰੰਤੂ ਉਨ੍ਹਾਂ ਕਦੇ ਵੀ ਕਿਸੇ ਨੀਤੀ ਦਾ ਹਿੱਸਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਨੌਜਵਾਨਾਂ ਨੂੰ ਸਸਤੀਆਂ ਦਰਾਂ ’ਤੇ ਸਿੱਖਿਆ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਗਏ ਹਨ ਪ੍ਰੰਤੂ ਨੌਜਵਾਨਾਂ ਲਈ ਕੋਈ ਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ‘ਯੁਵਾ ਨੀਤੀ’ ਬਣਾਉਣ ਦੀ ਦਿਸ਼ਾ ਵਿੱਚ ਕਦਮ ਉਠਾਉਣਗੇ ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਮਹਾਨ ਖਿਡਾਰੀਆਂ ਕਪਿਲ ਦੇਵ, ਸਚਿਨ ਤੇਂਦੁਲਕਰ ਦੇ ਜੀਵਨ ਨਾਲ ਜੁੜੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਕਾਮਯਾਬੀ ਦਾ ਰਾਜ ‘ਖੁਦ ਵਿੱਚ ਵਿਸ਼ਵਾਸ ਕਰਨਾ’ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਨਸਾਨ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਅਤੇ ਅਸਫਲਤਾ ਦਾ ਡਰ ਹੈ ਤਾਂ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਸਫਲਤਾ ਤੋਂ ਨਾ ਡਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਕੋਸ਼ਿਸ਼ਾਂ ਨਹੀਂ ਛੱਡਣੀਆਂ ਚਾਹੀਦੀਆਂ। ਕ੍ਰਿਕਟਰ ਤੋਂ ਕੁਮੈਂਟੇਟਰ ਅਤੇ ਫੇਰ ਛੋਟੇ ਪਰਦੇ ਤੇ ਰਾਜਨੀਤੀ ਵਿੱਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਸ. ਸਿੱਧੂ ਨੇ ਆਪਣੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ ਵੀ ਸਾਂਝੀਆਂ ਕਰਦਿਆਂ ਕਿਹਾ ਕਿ ਕਿਸੇ ਵੇਲੇ ਉਹ ਸਕੂਲ ਪੜ੍ਹਦਿਆਂ ਭਾਸ਼ਣ ਦੇਣ ਤੋਂ ਬਹੁਤ ਡਰਦੇ ਹੁੰਦੇ ਸਨ। ਇਸ ਤੋਂ ਇਲਾਵਾ ਕ੍ਰਿਕਟ ਦੇ ਸ਼ੁਰੂਆਤੀ ਪਲਾਂ ਦੌਰਾਨ ਮਿਲੀ ਅਸਫਲਤਾ ਨਾਲ ਲੱਗੇ ਝਟਕੇ ਅਤੇ ਪਿਤਾ ਵੱਲੋਂ ਲਗਾਈ ਫਟਕਾਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਅਤੇ ਖੁਦ ਉਪਰ ਵਿਸ਼ਵਾਸ ਹੀ ਉਸ ਨੂੰ ਅੱਜ ਇਸ ਮੰਜ਼ਿਲ ’ਤੇ ਲੈ ਕੇ ਆਇਆ ਹੈ। ਇਮਾਨਦਾਰੀ ਦਾ ਕਦੇ ਵੀ ਪੱਲਾ ਨਹੀਂ ਛੱਡਿਆ ਅਤੇ ਹਮੇਸ਼ਾ ਸੱਚ ’ਤੇ ਪਹਿਰਾ ਦਿੱਤਾ। ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਬਜਟ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਪ੍ਰੋ.ਈਮੈਨੂਅਲ ਨਾਹਰ, ਪੰਜਾਬ ਦੀ ਵਧੀਕ ਐਡਵੋਕੇਟ ਜਨਰਲ ਅਤੇ ਡੀਨ ਲਾਅ ਫੈਕਲਟੀ ਅਨੂ ਚਤਰਥ, ਕਾਨੂੰਨ ਵਿਭਾਗ ਦੀ ਚੇਅਰਪਰਸਨ ਪ੍ਰੋ. ਸ਼ਾਲਿਨੀ ਮਰਵਾਹਾ, ਪ੍ਰੋ. ਰਤਨ ਸਿੰਘ, ਲਾਅ ਫੈਸਟ ਦੀ ਕੋਆਰਡੀਨੇਟਰ ਪ੍ਰੋ. ਮੀਨਾ ਪਾਲ ਤੇ ਪ੍ਰੋ. ਸੁਪਿੰਦਰ ਕੌਰ ਵੀ ਹਾਜ਼ਰ ਸਨ।



