ਚੰਡੀਗੜ੍ਹ, 15 ਜੁਲਾਈ (ਵਿਸ਼ਵ ਵਾਰਤਾ) : ਰਾਜਪੁਰਾ ਵਿਖੇ ਐਲ.ਐਂਡ.ਟੀ. ਥਰਮਲ ਪਾਵਰ ਪਲਾਂਟ ਨੂੰ ਤੇਜ਼ੀ ਨਾਲ ਬਿਜਲੀ ਉਤਪਾਦਨ ਵੱਲ ਤੋਰਨ ਭਾਰਤ ਸਰਕਾਰ ਦੀ ਕੇਂਦਰੀ ਬਿਜਲੀ ਅਥਾਰਟੀ (ਸੀ.ਈ.ਓ.) ਨੇ ਇਸ ਥਰਮਲ ਪਲਾਂਟ ਨੂੰ ਇਕ ਲੱਖ ਟਨ ਕੋਲਾ ਮੁਹੱਈਆ ਕਰਵਾਉਣ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਇਸ ਦਾ 700 ਮੈਗਾਵਾਟ ਦੀ ਸਮਰਥਾ ਵਾਲਾ ਪਹਿਲਾ ਯੂਨਿਟ ਜਨਵਰੀ, 2014 ਵਿੱਚ ਚਾਲੂ ਹੋ ਜਾਵੇਗਾ। ਕੁਝ ਸਮਾਂ ਪਹਿਲਾਂ ਤਲਵੰਡੀ ਸਾਬੋ ਨੇੜੇ ਸਟਰਲਾਈਟ ਗਰੁੱਪ ਦੇ ਪਾਵਰ ਪਲਾਂਟ ਦੇ 600 ਮੈਗਾਵਾਟ ਦੀ ਸਮਰਥਾ ਵਾਲੇ ਪਹਿਲੇ ਯੂਨਿਟ ਦੇ ਟਰਾਇਲ ਬਾਬਤ ਵੀ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਪੁਸ਼ਟੀ ਕੀਤੀ ਗਈ ਸੀ ਜੋ ਸਤੰਬਰ, 2013 ਨੂੰ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਬਿਜਲੀ ਅਥਾਰਟੀ ਦੀ ਅਪਰੇਸ਼ਨ ਮੋਨੀਟਰਿੰਗ ਡਵੀਜ਼ਨ ਦੇ ਮੁੱਖ ਇੰਜਨੀਅਰ ਨੇ ਕੋਲ ਇੰਡੀਆ ਲਿਮਟਡ ਨੂੰ ਕੋਲੇ ਦੀ ਉਕਤ ਮਾਤਰਾ ਦੀ ਸਪਲਾਈ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ ਤਾਂ ਕਿ ਉਥੇ ਪੂਰੀ ਸਮਰਥਾ ਵਿੱਚ ਚਾਲੂ ਹੋਣ ਤੋਂ ਪਹਿਲਾਂ ਕੀਤੇ ਜਾਂਦੇ ਟਰਾਇਲ ਸ਼ੁਰੂ ਕੀਤੇ ਜਾ ਸਕਣ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਿੱਜੀ ਦਖ਼ਲ ਤੇ ਅਸਰ-ਰਸੂਖ ਸਦਕਾ ਹੀ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਨੇ ਉਨ੍ਹਾਂ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤਹਿਤ ਤਲਵੰਡੀ ਸਾਬੋ ਤੇ ਰਾਜਪੁਰਾ ਦੇ ਪਹਿਲੇ ਯੂਨਿਟਾਂ ਨੂੰ ਕੋਲੇ ਦੀ ਸਪਲਾਈ ਲਈ ਸਾਲ 2013-14 ਦੌਰਾਨ ਸ਼ਾਮਲ ਕਰਨ ਤੋਂ ਇਲਾਵਾ ਤਲਵੰਡੀ ਸਾਬੋ ਪਲਾਂਟ ਦੇ ਦੂਜੇ ਤੇ ਤੀਜੇ ਅਤੇ ਰਾਜਪੁਰਾ ਦੇ ਦੂਜੇ ਯੂਨਿਟਾਂ ਨੂੰ ਵੀ ਸਾਲ 2014-15 ਵਿੱਚ ਹੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਕੇਂਦਰੀ ਬਿਜਲੀ ਅਥਾਰਟੀ ਨੇ ਤਲਵੰਡੀ ਸਾਬੋ ਦੇ ਦੂਜੇ ਤੇ ਤੀਜੇ ਅਤੇ ਰਾਜਪੁਰਾ ਪਲਾਂਟ ਦੇ ਦੂਜੇ ਯੂਨਿਟ ਨੂੰ ਕੋਲ ਲਿੰਕੇਜ ਤੇ ਬਾਲਣ ਸਪਲਾਈ ਬਾਰੇ ਸਮਝੌਤੇ ਨੂੰ ਸਾਲ 2014-15 ਵਿੱਚ ਸ਼ਾਮਲ ਨਾ ਕਰਕੇ ਇਨ੍ਹਾਂ ਨੂੰ ਅਗਲੇ ਸਾਲ 2015-16 ‘ਤੇ ਪਾ ਦਿੱਤਾ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਮਹੱਤਵਪੂਰਨ ਫੈਸਲਾ ਇਸ ਕਰਕੇ ਵੀ ਬਹੁਤ ਅਹਿਮੀਅਤ ਰੱਖਦਾ ਜਦੋਂ ਸੂਬੇ ਵਿੱਚ ਬਿਜਲੀ ਦੀ ਮੰਗ ਦਿਨੋ-ਦਿਨ ਵਧਦੀ ਜਾ ਰਹੀ ਹੈ। ਸੂਬੇ ਵਿੱਚ ਬਿਜਲੀ ਦੀ ਮੰਗ ਤੇ ਸਪਲਾਈ ਦੇ ਖੱਪੇ ਨੂੰ ਪੂਰਨ ਲਈ ਭਾਰਤ ਸਰਕਾਰ ਨੇ ਕੋਲ ਇੰਡੀਆ ਨੂੰ ਸੂਬੇ ਵਿੱਚ ਸਥਾਪਤ ਕੀਤੇ ਜਾ ਰਹੇ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।



