ਜੀ.ਬੀ.ਸਿੰਘ,
ਗੀਤਕਾਰੀ ਕਰਨੀ ਜਾਂ ਗੀਤਾਂ ਨੂੰ ਲਿਖ ਦੇਣ ਤੱਕ ਹੀ ਸੀਮਤ ਨਹੀ ਹੈ, ਗੀਤਕਾਰੀ ਕਿਹੋ ਜਿਹੀ ਹੋਵੇ, ਕਿਸ ਪੱਧਰ ਦੀ ਹੋਵੇ, ਤੇ ਵਿਸਾ ਨਿਭਾਅ, ਸ਼ਬਦਾਵਲੀ, ਬਿੰਬ, ਪ੍ਰਤੀਕ, ਆਲੰਕਾਰਾਂ ਦੀ ਵਰਤੋਂ ਆਦਿ, ਇਹ ਹਮੇਸਾਂ ਹੀ ਬਹੁਤ ਮਹੱਤਵਪੂਰਨ ਵਿਸਾ ਤੇ ਕਾਰਜ ਰਿਹਾ ਹੈ। ਗੀਤਕਾਰੀ ਬਹੁਤ ਹੀ ਮਹਾਨਤਾ ਤੇ ਉਚੀ ਸੋਚ ਤੇ ਕਾਬਲਿਅਤ ਦੀ ਲਖਾਇਕ ਹੈ। ਸਾਡੀ ਪੰਜਾਬੀ ਭਾਸਾ ਤੇ ਅਮੀਰ ਸਭਿਆਚਾਰ ਦਾ ਇਤਿਹਾਸ ਬੜਾ ਗੌਰਵਮਈ ਤੇ ਮਹਾਨ ਹੈ, ਇਸ ਵਿਚ ਕਈ ਅਜੀਮ-ਮਹਾਨ ਤੇ ਉਚੀਆਂ ਤੇ ਡੂੰਘੀਆਂ ਸੋਚਾਂ ਵਾਲੇ ਲੇਖਕਾਂ-ਸਾਇਰਾਂ ਨੇ ਜਨਮ ਲਿਆ ਤੇ ਇਸ ਦੇ ਵਿਰਸੇ ਨੂੰ ਆਪਣੇ ਗੀਤਾਂ ਤੇ ਕਵਿਤਾਵਾਂ-ਨਜਮਾਂ ਨਾਲ ਅਮੀਰ ਤੇ ਮਾਣਮੱਤਾ ਬਣਾਇਆ, ਜਿਨਾਂ ਚ ਮੁਖ ਰੂਪ ਵਿਚ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਜੀ, ਅੰਮ੍ਰਿਤਾ ਪ੍ਰੀਤਮ, ਸਿਵ ਕੁਮਾਰ, ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰ-ਪੁਰੀ, ਲਾਲ ਸਿੰਘ ਦਿਲ ਆਦਿ। ਇਨਾਂ ਲੇਖਕਾਂ ਦੇ ਗੀਤ ਨਜਮਾਂ ਅੱਜ ਵੀ ਲੋਕਾਂ ਨੂੰ ,ਯਾਦ ਹਨ, ਅੱਜ ਵੀ ਇਨਾਂ ਮਹਾਨ ਲੇਖਕਾਂ ਦੇ ਗੀਤਾਂ ਦੀਆਂ ਤੁੱਕਾਂ ਲੋਕ ਮੂੰਹਾਂ ਤੇ ਚੜੀਆਂ ਹਨ,,ਸੋਚੋ ਅਜਿਹਾ ਕਿਉਂ ਹੈ। ਅਜਿਹਾ ਇਸ ਲਈ ਹੈ ਕਿਉਕਿ ਇਨਾ ਮਹਾਨ ਗੀਤਾਂ ਵਿਚ ਹਮੇਸਾ ਇਕ ਸਮਾਜਿਕ ,ਤੇ ਜੀਵਨ ਦਾ ਸੱਚ ,ਪਿਆਰ ਦੀ ਸਿੱਕ, ਪਿਆਰ ਦਾ ਜਜਬਾਂ, ਕੁਦਰਤ ਦੇ ਵਿਚ ਕਾਦਰ ਦਾ ਜਲਵਾ, ਪੰਜਾਬ ਦੀ
ਵੀਰਤਾ ਪਰੁੱਤੀ ਤੇ ਬਹਾਦਰੀ ਤੇ ਖੁਲ ਡੁਲ ਦਾ ਜੀਵਨ ਬਿਰਤਾਂਤ, ਅਲਬੇਲੇ ਮੌਜਾਂ ਤੇ ਸੁਭਾਵਾਂ ਦਾ ਚਿਤਰਨ ਇਕ ਤਸਵੀਰ ਦੀ ਤਰਾਂ ਮਿਲਦਾ ਹੈ। ਫਿਰ ਅੱਜ ਦੇ ਸਾਡੇ ਸਾਇਰ ਜਾਂ ਗੀਤਕਾਰ ਉਹੋ ਜਿਹੀਆਂ ਮਹਾਨ ਲਿਖਤਾਂ ਨੂੰ ਜਨਮ ਕਿਉ ਨਹੀ ਦੇ ਸਕਦੇ। ਇਸ ਦਾ ਕਾਰਨ ਹੋ ਸਕਦਾ ਅੱਜ ਦੀ ਗੀਤਕਾਰੀ ਨੂੰ ਵਪਾਰਕ ਦੌਰ ਚੋ ਲੰਘਣਾ ਪੈ ਰਿਹਾ ਹੈ। ਗੀਤ ਲਿਖੇ ਜਾ ਰਹੇ ਹਨ। ਪਰ ਅਜੋਕੀ ਗੀਤਕਾਰੀ ਦੇ ਵਾਰੇ ਵਾਰੇ ਜਾਈਏ ਇਸ ਨੇ ਕਾਫੀਆਂ ਦਾ ਜੋ ਕੰਮ ਟਪਾਊ ਲਿਖਦੇ ਨੇ ਦਾ ਤੋਰੀ ਫੁਲਕਾ ਚਲਾਇਆ ਹੋਇਆ ਹੈ। ਕੋਈ ਮਿਆਰ ,ਸ਼ਬਦਾਵਲੀ, ਆਦਿ ਨਹੀ ਦੇਖ ਰਿਹਾ, ਸਿਰਫ ਗੀਤ ਨੂੰ ਪੁੱਠਾ-ਸਿੱਧਾ ਰਚਿਆ ਤੇ ਬੋਲਿਆ ਤੇ ਕੰਮ ਖਤਮ। ਜਿਵੇਂ ,,ਪਿਛੇ ਇਕ ਗੀਤ ਆਇਆ ਸੀ, ਕੋਠੇ ਕੋਠੇ ਵਿਹੜੇ ਵਿਚ ਆਜੀ ਮਿਤਰਾ, ਵੇ ਲਾਲ ਫੁਲਾਂ ਸਾਡੀ ਤੇ ਰਜਾਈ ਹੁੰਦੀ ਹੈ,,ਹੁਣ ਦਸੋ ਦੋਸਤੋ ਇਸ ਗੀਤ ਨਾਲ ਕੀ ਸੰਦੇਸ਼ ਮਿਲਦਾ ਹੈ, ਲੇਖਕ ਵੀਰਾਂ ਨੂੰ ਚਾਹੀਦਾ ਹੈ ਕਿ ਗੀਤ ਵਧੀਆ ਤੇ ਮਿਆਰੀ ਲਿਖੇ ਜਾਣ ਤਾਂ ਸਾਡੀਆਂ ਆਪਣੀਆ ਮਾਵਾਂ ,ਧੀਆਂ ,ਭੈਣਾਂ ਦੇ ਕੰਨੀ ਇਹ ਗੀਤ ਪੈਣ ਤਾਂ ਉਨਾਂ ਨੂੰ ਬੁਰਾ ਨਾ ਲੱਗੇ। ਗੀਤ ਅਜਿਹੇ ਲਿਖੇ ਜਾਣ ਜਿਨਾ ਨਾਲ ਇਕ ਉਚੀ-ਸੁੱਚੀ ਤੇ ਸਹੀ-ਉਸਾਰੂ ਸੇਧ-ਸੰਦੇਸ਼ ਸਮਾਜ ਨੂੰ ਦਿਤੀ ਜਾ ਸਕੇ।
ਕੁਲਦੀਪ ਮਾਣਕ, ਲਾਲ ਚੰਦ ਯਮਲੇ ਜੱਟ ਦੀਆਂ ਤੂੰਬੀਆਂ-ਕਲੀਆਂ ਨੂੰ ਅੱਜ ਵੀ ਲੋਕ ਬੜੀ ਸਿੱਦਤ ਨਾਲ ਯਾਦ ਕਰਦੇ ਹਨ। ਗੁਰਮੀਤ ਬਾਵਾ ਤੇ ਸੁਰਿੰਦਰ ਕੌਰ ਜੀ ਦੇ ਗੀਤਾਂ-ਹੇਕਾਂ ਨੂੰ ਲੋਕਾਂ ਅੱਜ ਵੀ ਚੇਤਿਆਂ ਚ ਵਸਾ ਰੱਖਿਆ ਹੈ।
ਕਈ ਗੀਤਾਂ ਨੇ ਤਾਂ ਸਮਾਜ ਨੂੰ ਕੋਈ ਉਸਾਰੂ ਸੇਧ ਤਾਂ ਕੀ ਦੇਣੀ ਹੈ ਸਗੋਂ ਹਿੰਸਾ ਤੇ ਲੜਾਈਆਂ ਝਗੜੇ ਵਧਾਉਣ ਲਈ ਉਕਸਾਹਟ ਦਾ ਕੰਮ ਵੀ ਕਾਫੀ ਕੀਤਾ ਹੋਇਆ ਹੈ।
ਪਿਛੇ ਜਿਹੇ ਇਕ ਗੀਤ ਆਇਆ ਸੀ, ਅਖੇ ,, ਅੱਜ ਬੰਦਾ ਮਾਰਨ ਨੂੰ ਜੀ ਕਰਦਾ,,ਬਈ ਬੰਦਾ ਨਾ ਹੋਵੇ ਕੌਈ ਭੇਡ-ਬੱਕਰੀ ਹੋ ਗਈ ,ਜਿਸ ਨੂੰ ਸਿਕਾਰ ਦੇ ਉਦੇਸ਼ ਨਾਲ ਮਾਰ ਦਿਤਾ ਜਾਏ,, ਚੱਕ ਲੋ ਰਿਵਾਲਵਰ ਰਫਲਾਂ ਬਈ ਕਬਜਾ ਲੈਣਾ ਹੈ,,ਇਕ ਹੋਰ ਗੀਤ ,,ਗੋਲੀ ਹਿਕ ਵਿਚ ਗੱਡਣੇ ਦਾ ਚਾਅ,,ਕਾਨੂੰਨ ਨੂੰ ਪਾਸੇ ਤੇ ਰੱਖ ਕੇ ਅਸੀ ਹਰ ਮਸਲੇ ਦਾ ਹੱਲ ਹਥਿਆਰਾਂ ,ਹਿੰਸਾ ਚੋਂ ਹੀ ਕਿਉਂ ਭਾਲਦੇ ਹਾਂ,,ਅੱਜ ਵੀ ਅਸੀ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਦੇ ਰਿਵਾਜ ਤੇ ਤਰੀਕੇ ,ਸਾਊ ਸੋਚ ਤੇ ਲੋਚ ਵਾਲੇ ਤਰੀਕਿਆਂ ਨਾਲ ਵਿਆਹ ਪਿੰਡਾਂ ਚ ਸਾਂਝ ਤੇ ਪਿਆਰ ਸਾਂਤੀ ਨਾਲ ਹੁੰਦੇ ਸਨ। ਕੋਈ ਲੜਾਈ ਝਗੜਾ ਨਹੀ ਸੀ, ਪਰ ਅੱਜ ਚਲੋ ਭਾਵੇਂ ਸਮਾਜਿਕ ਰੁਤਬੇ ਤੇ ਪੈਸੇ ਟਕੇ ਦੇ ਟੋਹਰ ਲਈ ਅਸੀ ਸਾਰੇ ਹੀ ਮੈਰਿਜ ਪੈਲਸਾਂ ਜਾਂ ਸਾਹੀ ਰਿਜੋਰਟਾਂ ਦਾ ਸਹਾਰਾ ਲੈਂਦੇ ਹਾਂ। ਇਨਾ ਪਾਰਟੀਆਂ ਵਿਚ ਵੀ ਤੁਸੀ ਦੇਖ ਸਕਦੇ ਹੋ ਅਜਿਹੇ ਹੀ ਅਸ਼ਲੀਲ ਤੇ ਹਿੰਸਾ ਭੜਕਾਊ ਗੀਤ ਜਦੋਂ ਵਜਦੇ ਹਨ, ਤਾਂ ਫਿਰ ਗੋਲੀਆਂ ਦਾ ਦੌਰ ਸੁਰੂ ਹੋ ਜਾਂਦਾ ਹੈ,,ਹਥਿਆਰਾਂ ਵਾਲੇ ਵੀਰ ਫਿਰ ਮੋਢਿਆਂ-ਦੱਬਾਂ ਚੋਂ ਕੱਢ,,ਹਥਿਆਰਾਂ ਵਾਲੇ ਗੀਤਾਂ ਤੇ ਫਾਇਰ ਤੇ ਫਾਇਰ ਕਰਦੇ ਹਨ ਤੇ ਆਪਣੀ ਬਹਾਦਰੀ, ਜਲੌ ਤੇ ਸਟੇਟਸ ਦਾ ਸਬੂਤ ਦਿੰਦੇ ਹਨ। ਅਜਿਹੇ ਦਿਖਾਵੇ ਵਿਚ ਕਈ ਵਾਰ ਵੱਡ ਨਮੋਸੀ ਦਾ ਸਾਮਹਣਾ ਕਰਨਾ ਪੈ ਜਾਂਦਾ ਹੈ। ਜਦੋਂ ਚਾਣ ਚੱਕ ਹੀ ਹਵਾ ਚ ਚਲਾਈ ਗੋਲੀ ਦੇ ਸ਼ਰੇ ਕਿਸੇ ਹੋਰ ਆਦਮੀ ਜਾਂ ਔਰਤ ਦੇ ਲੱਗ ਜਾਂਦੇ ਹਨ, ਜੋ ਪਾਰਟੀ ਚ ਸਾਮਿਲ ਹੋਣ ਆਏ ਹੁੰਦੇ ਹਨ। ਅਜਿਹੀਆਂ ਕਈ ਖਬਰਾਂ ਨਾਲ ਅਖਬਾਰ ਸੁਸੋਬਿਤ ਹੋਈ ਮਿਲਦੀ ਹੈ। ਅਸੀ ਦਿਖਾਵੇ ਤੇ ਫੋਕੀ ਸੋਹਰਤ ਦੇ ਇੰਨੇ ਖਿਚੇ ਕਿਉਂ ਭਜਦੇ ਹਾਂ,,ਜਰਾ ਸੋਚਣ ਵਾਲੀ ਗਲ ਹੈ।
ਅਸ਼ਲੀਲਤਾ ਤੇ ਔਰਤ ਦੀ ਦਿਖ ਤੇ ਮਾਣ-ਸਨਮਾਨ ਨੂੰ ਘਟਾਉਣ ਵਾਲੇ ਬੋਲਾਂ ਦੇ ਅੰਸ਼ ਤੋਂ ਵੀ ਸਾਡੇ ਅੱਜੋਕੀ ਪੰਜਾਬੀ ਗੀਤ ਨਹੀ ਬਚੇ। ਗੀਤਾਂ ਰਾਹੀਂ ਔਰਤਾਂ, ਲੜਕੀਆਂ ਨੂੰ ਲਾਲਟੈਣ, ਬੋਤਲ ਵਰਗੀ, ਬੱਸਾਂ, ਪੁਰਜੇ, ਯੈਂਕਣ ਬਣਾਇਆ ਜਾ ਰਿਹਾ ਹੈ। ਕਿ ਅੱਜ ਦੀ ਔਰਤ ਸਿਰਫ ਇਹੀ ਨਾਮ ਧਰਾਵਣ ਲਈ ਰਹਿ ਗਈ ਹੈ ਜਾਂ ਫਿਰ ਸਾਡੀ ਸੋਚ ਲਿਖਣ ਲਈ ਇਕ ਸੌੜੇ ਤੇ ਸੀਮਤ ਦਾਇਰੇ ਵਿਚ ਹੀ ਪਸਰ ਚੁੱਕੀ ਹੈ। ਸਾਡੀ ਭਾਰਤੀ ਔਰਤਾਂ ਤਾਂ ਸੰਸਾਰ ਪੱਧਰੀ ਮਹਾਨਤਾ ਤੇ ਕਾਮਯਾਬੀ ਦੇ ਝੰਡੇ ਗੱਡ ਚੁਕੀਆਂ ਹਨ। ਜਿਨਾ ਚ ਕਲਪਨਾ ਚਾਵਲਾ, ਸੁਨੀਤਾ ਵਿਲਿਅਮਜ , ਪੀ.ਟੀ.ਊਸਾਂ ਆਦਿ ਦੇ ਨਾਂ ਸਭ ਨੂੰ ਯਾਦ ਹਨ।
ਅੱਜ ਕਲ ਦੇ ਵਪਾਰਕ ਦੌਰ ਵਿਚ ਗੀਤਾਂ ਦੀ ਵੀਡੀਓਜ ਬਣਾਏ ਜਾਂਦੇ ਹਨ ਤਾ ਕਿ ਵਿਜੂਅਲ ਆਰਟ ਰਾਹੀ ਜਿਆਦਾ ਫੈਲਾਅ ਹੋਵੇ। ਅੱਜ ਦੇ ਵੀਡੀਓਜ ਘਰ ਵਿਚ ਬੈਠ ਕੇ ਪਰਿਵਾਰ ਸਮੇਤ ਨਹੀ ਦੇਖੇ ਜਾ ਸਕਦੇ। ਟੀ.ਵੀ ਕੇਬਲ ਚ ਚਲ ਰਹੇ ਗੀਤਾਂ ਚ ਨੰਗੇਜ ਜਿਆਦਾ ਤੇ ਕਲਚਰ ਘਟ ਪਰੋਸਿਆ ਗਿਆ ਹੁੰਦਾ ਹੈ। ਇਸ ਸਭ ਦਾ ਬੱਚਿਆ ਉਪਰ ਬੁਰਾ ਅਸ਼ਰ ਹੁੰਦਾ ਹੈ। ਪਿਅਰ-ਮੋਹੁਬਤ ਰੋਮਾਂਟਿਕ ਵਿਸਿਆਂ ਤੇ ਜਰੂਰ ਲਿਖੋ ਪਰ ਅਜਿਹਾ ਕਿ ਅਸੀ ਤੇ ਸਾਡੇ ਪਰਿਵਾਰ ਇਕ ਜਗਾ ਤੇ ਬੈਠ ਕੇ ਅਜਿਹੇ ਗੀਤ ਸੁਣ ਤੇ ਮਾਣ ਸਕੀਏ,, ਸਾਨੂੰ ਗੀਤ ਰਚਣ ਲਈ ਪੰਜਾਬੀ ਮਾਂ ਬੋਲੀ, ਪੰਜਾਬ ਦੀ ਬਹਾਦਰੀ, ਪੁਰਾਤਨ ਵੀਰ ਗਾਥਾਵਾ, ਰੋਮਾਂਟਿਕ ਕਿਸੇ, ਤੇ ਦੇਸ਼ ਭਗਤੀ ਜਿਹੇ ਵਿਸਿਆਂ ਤੇ ਵੱਧ ਤੋਂ ਵਧ ਤੋਂ ਲਿਖਣਾ ਤੇ ਬੋਲਣਾ ਚਾਹੀਦਾ ਹੈ। ਕੁਝ ਪੰਜਾਬੀ ਵਿਚ ਅੱਛੇ ਤੇ ਪਿਆਰੇ ਗੀਤ ਵੀ ਰਚੇ ਗਏ ਹਨ ਜਿਵੇ,, ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ,, ਅਸੀ ਉਹ ਪੰਜਾਬੀ ਹਾਂ,, ਰੋਟੀ ਹੱਕ ਦੀ ਖਾਈਏ ਜੀ ਭਾਵੇ ਬੂਟ ਪਾਲਿਸਾਂ ਕਰੀਏ,, ਮੁੜ ਮੁੜ ਯਦਾ ਸਤਾਵੇ ਪਿੰਡ ਦੀਆਂ ਗਲੀਆਂ ਦੀ,,,ਧੀਆਂ ਦੁਖ ਵੰਡਾਉਦੀਆਂ ਨੇ,,,ਨਾ ਮਾਰੀ ਨਾ ਮਾਰੀ ਨੀ ਮਾਂ,,, ਅਜਿਹੇ ਚੰਗੇ ਤੇ ਮਿਆਰੀ ਗੀਤ ਸਮਾਜ ਤੇ ਲੋਕਾਂ ਨੂੰ ਇਕ ਉਸਾਰੂ ਸੇਧ ਤੇ ਸੰਦੇਸ਼ ਦਿੰਦੇ ਹਨ। ਗੀਤਕਾਰੀ ਅਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਸਰੋਤਾ ਬੋਲਣ ਵਾਲੇ ਨੂੰ ਜਾਂ ਸਾਜ ਨੂੰ ਨਾ ਸੁਣੇ ਸਗੋਂ ਲਿਖਣ ਵਾਲੇ ਦੇ ਵਾਰੇ-ਵਾਰੇ ਜਾਵੇ ਕਿ ਇਸ ਲੇਖਕ ਨੇ ਕਮਾਲ ਦੇ ਵਿਸੇ ਤੇ ਨਿਭਾਅ ਨੂੰ ਅਪਣਾਇਆ ਹੈ।
ਸੋ, ਅੰਤ ਵਿਚ ਮੇਰੀ ਲੇਖਕ ਵੀਰਾਂ-ਗੀਤਕਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਸਭ ਨੂੰ ਅਛੇ ਤੇ ਮਿਆਰੀ-ਉਸਾਰੂ ਗੀਤਾਂ ਦੀ ਰਚਨਾ ਕਰਨੀ ਚਾਹੀਦੀ ਹੈ ਜੋ ਸਮਾਜ ਤੇ ਦਿਲਾਂ ਨੂੰ ਇਕ ਸਦੀਵੀ ਖੁਸੀ ਤੇ ਸੰਦੇਸ ਦੇ ਜਾਵੇ ਤਾਂ ਜੋ ਤੁਹਾਨੂੰ ਸਦਾ ਲਈ ਸਰੋਤੇ ਤੇ ਪਾਠਕ ਦਿਲ ਓ ਦਿਮਾਗ ਚ ਵਸਾਈ ਰੱਖਣ ਤੇ ਤੁਹਾਡੀ ਕਲਮ, ਸੋਚ ਤੇ ਹਰਫਾਂ ਨੂੰ ਜਦ ਵੀ ਕੰਨੀ ਪੈਣ ਸਿਜਦੇ ਕਰਨ। ਅੰਤ ਵਿਚ ਕਿਸੇ ਵੀ ਵੀਰ ਦੇ ਦਿਲ-ਦਿਮਾਗ ਨੂੰ ਕੋਈ ਗਲ-ਸਤਰ ਠੀਕ ਨਾ ਲੱਗੀ ਹੋਵੇ । ਉਸ ਲਈ ਖਿਮਾ ਯਾਚਨਾ ਜੀ, ਕਿਉਕਿ ਦਿਲ ਸਭ ਵਖੱਰੇ ਜੀ।