ਜਸਵੰਤ ਸਿੰਘ ‘ਅਜੀਤ’
ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਂ ਰਹਿੰਦਿਆਂ ਹਾਲਾਤ ਨੂੰ ਸੰਭਾਲਿਆ ਹੁੰਦਾ ਤਾਂ ਅੱਜ ਜਿਸਤਰ੍ਹਾਂ ਸਮੁਚਾ ਪੰਜਾਬ ਨਸ਼ਿਆਂ ਦਾ ਸ਼ਿਕਾਰ ਹੋ ਬਰਬਾਦ ਹੋ ਰਿਹਾ ਹੈ, ਨਾ ਹੋ ਰਿਹਾ ਹੁੰਦਾ! ਦਸਿਆ ਗਿਆ ਹੈ ਕਿ ਜਦੋਂ ਸੰਨ-1999 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਿਰਜਨਾ ਦੀ ਸੰਪੂਰਨਤਾ ਦੀ ਤੀਜੀ ਸ਼ਤਾਬਦੀ ਮੰਨਾਏ ਜਾਣ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਸੀ, ਤਾਂ ਉਨ੍ਹਾਂ ਹੀ ਦਿਨਾਂ ਵਿੱਚ ਇਸ ਸਬੰਧ ਵਿੱਚ ਨਵੀਂ ਦਿੱਲੀ ਸਥਿਤ ਕਪੂਰਥਲਾ ਹਾਊਸ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤਿੰਨਾਂ ਧਿਰਾਂ ਦੇ ਮੁੱਖੀਆਂ ਦੀ ਇੱਕ ਬੈਠਕ ਹੋਈ, ਜਿਸ ਵਿੱਚ ਹੋ ਰਹੇ ਵਿਚਾਰ-ਵਿਟਾਂਦਰੇ ਦੌਰਾਨ ਸ਼ੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਆਗੂ ਨੇ ਸੁਝਾਉ ਦਿੱਤਾ ਕਿ ਖਾਲਸਾ ਸਿਰਜਨਾ ਦੀ ਸੰਪੂਰਨਤਾ ਦੀ ਤੀਜੀ ਸ਼ਤਾਬਦੀ ਦੇ ਇਸ ਵਰ੍ਹੇ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਹ ਸੰਕਲਪ ਕੀਤਾ ਜਾਏ ਕਿ ਇਸ ਵਰ੍ਹੇ ਵਿੱਚ ਕੋਈ ਵੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਨ ਵਾਲਾ ਅਕਾਲੀ ਦਲ ਦਾ ਅਹੁਦੇਦਾਰ ਜਾਂ ਮੈਂਬਰ ਨਹੀਂ ਬਣ ਸਕੇਗਾ, ਤਾਂ ਇਹ ਵਰ੍ਹਾ ਸ਼੍ਰੋਮਣੀ ਅਕਾਲੀ ਦਲ ਲਈ ਇਤਿਹਾਸਿਕ ਮੀਲ-ਪੱਥਰ ਦੇ ਰੂਪ ਵਿੱਚ ਸਥਾਪਤ ਹੋ ਸਕਦਾ ਹੈ।
ਉਸੇ ਸਮੇਂ ਦਲ ਦੇ ਇੱਕ ਬਹੁਤ ਹੀ ਜ਼ਿਮੇਂਦਾਰ ਆਗੂ ਵਲੋਂ ਇਸ ਸੁਝਾਉ ਨੂੰ ਇਹ ਕਹਿ ਕੇ ਮਜ਼ਾਕ ਵਿੱਚ ਉਡਾ ਦਿੱਤਾ ਗਿਆ ਕਿ ‘ਫਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਰਹਿ ਹੀ ਕੌਣ ਜਾਇਗਾ’? ਸ਼ਾਇਦ ਇਸੇ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਕੇਵਲ ਸਿੱਖ ਨੌਜਵਾਨ ਹੀ ਨਹੀਂ, ਸਗੋਂ ਸਮੁਚਾ ਪੰਜਾਬ ਹੀ ਨਸ਼ਿਆਂ, ਅਰਥਾਤ ਪੰਜਾਬ ਦੇ ਛੇਵੇਂ ਦਰਿਆ, ਵਿੱਚ ਡੁੱਬਿਆ ਗੋਤੇ ਖਾ ਰਿਹਾ ਹੈ। ਫਲਸਰੂਪ ਇਹ ਹਾਲਤ ਅੱਜ ਸਮੁੱਚੇ ਪੰਜਾਬ ਲਈ ਹੀ ਚਿੰਤਾ ਦਾ ਵਿਸ਼ਾ ਬਣ ਗਈ ਹੋਈ ਹੈ। ਜੇ ਕੋਈ ਨਸ਼ਿਆਂ ਦਾ ਸੌਦਾਗਰ ਫੜਿਆ ਜਾਂਦਾ ਹੈ ਤਾਂ ਉਹ ਆਪਣੇ ਸਰਪ੍ਰਸਤ ਵਜੋਂ ਪੰਜਾਬ ਸਰਕਾਰ ਦੇ ਕਿਸੇ ਮੁੱਖੀ ਦਾ ਨਾਂ ਲੈ, ਆਪਣੇ-ਆਪਨੂੰ ਬਚਾਣ ਦੀ ਕੌਸ਼ਿਸ਼ ਕਰਦਾ ਹੈ। ਇਸ ਵਿੱਚ ਕਿਤਨੀ ਸੱਚਾਈ ਹੁੰਦੀ ਹੈ, ਇਹ ਤਾਂ ਉਹੀ ਸਜਣ, ਜੋ ਪਕੜਿਆ ਗਿਆ ਹੈ ਅਤੇ ਸਰਕਾਰ ਦਾ ਉਹੀ ਮੱਖੀ ਜਿਸਦਾ ਨਾਂ ਉਸ ਵਲੋਂ ਲਿਆ ਗਿਆ ਹੁੰਦਾ ਹੈ, ਹੀ ਜਾਣਦੇ ਹਨ। ਪਰ ਇੱਕ ਗਲ ਤਾਂ ਮੰਨੀ-ਪ੍ਰਮੰਨੀ ਹੈ, ਕਿ ਬਿਨਾਂ ਉੱਚ-ਪੱਧਰੀ ਸਰਪ੍ਰਸਤੀ ਦੇ ਕੋਈ ਵੀ ਗੈਰ-ਕਾਨੂੰਨੀ ਕਾਰੋਬਾਰ ਨਹੀਂ ਹੋ ਸਕਦਾ।
ਕੁਝ ਸਮਾਂ ਹੋਇਆ ਇੱਕ ਖਬਰ ਪੜ੍ਹਨ ਨੂੰ ਮਿਲੀ ਸੀ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਪੰਜਾਬ ਸਰਕਾਰ ਦੇ ਸਾਮਾਜਕ ਸੁਰਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਕਤੱਰ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਲਗਭਗ 66 ਪ੍ਰਤੀਸ਼ਤ ਵਿਦਿਆਰਥੀ ਭਿੰਨ-ਭਿੰਨ ਨਸ਼ਿਆਂ ਦੀ ਵਰਤੋਂ ਕਰਨ ਦੇ ਆਦੀ ਹੋ ਚੁਕੇ ਹਨ। ਇਨ੍ਹਾਂ ਵਿੱਚ ਸਕੂਲ ਜਾਣ ਵਾਲਾ ਹਰ ਤੀਜਾ ਲੜਕਾ ਅਤੇ ਹਰ ਦਸਵੀਂ ਲੜਕੀ ਅਤੇ ਕਾਲਜ ਜਾਣ ਵਾਲਾ ਹਰ ਸਤਵਾਂ ਵਿਦਿਆਰਥੀ ਸ਼ਾਮਲ ਹੈ, ਜਿਨ੍ਹਾਂ ਲਈ ਇਹ ਨਸ਼ੇ, ਸਰੀਰਕ, ਮਨਸਿਕ ਅਤੇ ਆਚਰਣਕ ਤਬਾਹੀ ਦਾ ਕਾਰਣ ਬਣ ਰਹੇ ਹਨ। ਅਦਾਲਤ ਵਿੱਚ ਦਾਖਲ ਕੀਤੀ ਗਈ ਇਸ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਕਿ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਵਿੱਚ 70-75 ਪ੍ਰਤੀਸ਼ਤ ਬੱਚੇ 15 ਤੋਂ 25 ਵਰ੍ਹਿਆਂ ਦੇ ਹਨ, ਜਦਕਿ 40 ਪ੍ਰਤੀਸ਼ਤ 25 ਤੋਂ 60 ਵਰ੍ਹਿਆਂ ਦੇ ਨੌਜਵਾਨ ਅਤੇ ਹੋਰ ਸ਼ਾਮਲ ਹੈ। 16 ਪ੍ਰਤੀਸ਼ਤ ਅਜਿਹੇ ਲੋਕੀ ਹਨ, ਜੋ ਬਹੁਤ ਹੀ ਤੇਜ਼ ਨਸ਼ੇ ਲੈਂਦੇ ਹਨ। ਇਨ੍ਹਾਂ ਵਿੱਚ ਸਿੱਖਾਂ ਦਾ ਪ੍ਰਤੀਸ਼ਤ ਕਿਤੇ ਬਹੁਤ ਹੀ ਜ਼ਿਆਦਾ ਦਸਿਆ ਜਾਂਦਾ ਹੈ।
ਗਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਤੀਨਿਧੀਆਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਸੰਭਾਲਿਆਂ ਇੱਕ ਵਰ੍ਹਾ ਹੋਣ ਨੂੰ ਆ ਰਿਹਾ ਹੈ। ਹਾਲਾਂਕਿ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਵਲੋਂ ਆਪਣੇ ਸੱਤਾ-ਕਾਲ ਦੇ ਬੀਤੇ ਵਰ੍ਹੇ ਦਾ ਲੇਖਾ-ਜੋਖਾ ਪੇਸ਼ ਕਰਦਿਆਂ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਚੋਣਾਂ ਵਿੱਚ ਦਿੱਲੀ ਦੇ ਸਿੱਖ ਮਤਦਾਤਾਵਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਤੀ ਜੋ ਵਿਸ਼ਵਾਸ ਪ੍ਰਗਟ ਕਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਉਸਦੇ ਪ੍ਰਤੀਨਿਧੀਆਂ ਨੂੰ ਸੌਂਪੀ ਹੈ, ਉਹ ਉਸ ਵਿਸ਼ਵਾਸ ਪੁਰ ਪੂਰਿਆਂ ਉਤਰਨ ਲਈ ਵਚਨਬੱਧ ਹੋ, ਮਤਦਾਤਾਵਾਂ ਨਾਲ ਕੀਤੇ ਵਾਇਦਿਆਂ ਨੂੰ ਪਹਿਲ ਦੇ ਆਧਾਰ ਤੇ ਪੂਰਿਆਂ ਕਰਨ ਵਲ ਖਾਸ ਧਿਆਨ ਦੇ ਰਹੇ ਹਨ। ਨਾਲ ਹੀ ਉਹ ਕੁਝ ਅਜਿਹੇ ਵਾਇਦੇ ਗਿਣਾ ਵੀ ਰਹੇ ਹਨ, ਜਿਨ੍ਹਾਂ ਦੇ ਸਬੰਧ ਵਿੱਚ ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਨੂੰ ਉਨ੍ਹਾਂ ਆਪਣੇ ਬੀਤੇ ਵਰ੍ਹੇ ਦੇ ਕਾਰਜ-ਕਾਲ ਦੌਰਾਨ ਪੂਰਿਆਂ ਕਰ ਦਿੱਤਾ ਹੈ। ਇਸਦੇ ਨਾਲ ਹੀ ਉਹ ਇਹ ਦਾਅਵਾ ਵੀ ਕਰ ਰਹੇ ਹਨ ਕਿ ਉਨ੍ਹਾਂ ਵਲੋਂ ਅਗਲੇ ਵਰ੍ਹੇ ਵਿੱਚ ਸਿੱਖ ਧਰਮ ਅਤੇ ਵਿਦਿਆ ਦੇ ਪ੍ਰਚਾਰ-ਪ੍ਰਸਾਰ ਅਤੇ ਸਿੱਖ ਸਮਾਜ ਦੇ ਹਿੱਤ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਵਿਸਥਾਰ ਨਾਲ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅਗਲੇ ਵਰ੍ਹੇ ਵਿੱਚ ਪੂਰਿਆਂ ਕੀਤਾ ਜਾਇਗਾ।
ਉਨ੍ਹਾਂ ਦੇ ਇਸ ਦਾਅਵੇ ਦੇ ਬਾਵਜੂਦ ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵਲੋਂ, ਗੁਰਦੁਆਰਾ ਚੋਣਾਂ ਦੌਰਾਨ ਕੀਤੇ ਗਏ ਵਾਇਦਿਆਂ ਨੂੰ ਪੂਰਿਆਂ ਕਰਨ ਪ੍ਰਤੀ ਆਪਣੇ ਆਪਨੂੰ ਕਿਸੇ ਹੱਦ ਤਕ ਈਮਾਨਦਾਰ ਹੋਣ ਦਾ ਅਹਿਸਾਸ ਕਰਵਾਉਣ ਦੀ ਕੌਸ਼ਿਸ਼ ਕੀਤੀ ਜਾਂਦੀ ਹੋ ਸਕਦੀ ਹੈ, ਪ੍ਰੰਤੂ ਉਨ੍ਹਾਂ ਵਲੋਂ ਗੁਰਦੁਆਰਾ ਕਮੇਟੀ ਅਤੇ ਉਸਦੇ ਪ੍ਰਬੰਧ-ਅਧੀਨ ਸੰਸਥਾਵਾਂ ਦੇ ਪ੍ਰਬੰਧ ਵਿੱਚ ਸਹਿਯੋਗ ਕਰਨ ਲਈ ਬਣਾਈਆਂ ਗਈਆਂ ਹੋਈਆਂ ਕਮੇਟੀਆਂ ਅਤੇ ਸਬ-ਕਮੇਟੀਆਂ ਦੇ ਚੇਅਰਮੈਨਾਂ ਅਤੇ ਮੀਤ-ਚੇਅਰਮੈਨਾਂ ਵਿਚੋਂ ਕੁਝ-ਇਕ ਅਜਿਹੇ ਵੀ ਹਨ, ਜਿਨ੍ਹਾਂ ਦਾ ਆਚਰਣ ਸ਼ੰਕਾਵਾਂ ਦੇ ਘੇਰੇ ਵਿਚੋਂ ਬਾਹਰ ਨਹੀਂ ਨਿਕਲ ਪਾ ਰਿਹਾ। ਉਹ ਆਪਣਾ ਅਧਿਕਾਰ-ਖੇਤ੍ਰ ਅਸੀਮਤ ਮੰਨ ਜਾਂ ਅਹੁਦੇਦਾਰਾਂ ਨਾਲ ਆਪਣੀ ਨੇੜਤਾ ਦਾ ਦਾਅਵਾ ਕਰ, ਅਯੋਗ ਲਾਭ ਉਠਾ ਅਤੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਕਹਿਣ ਵਾਲੇ ਤਾਂ ਕਹਿੰਦੇ ਹਨ ਕਿ ਜੇ ਅਜਿਹੇ ਚੇਅਰਮੈਨਾਂ ਦੀ ਲਗਾਮ ਨਾ ਕਸੀ ਗਈ ਤਾਂ ਉਹ ਆਪਣੇ ‘ਕਾਰਨਾਮਿਆਂ’ ਰਾਹੀਂ ਕਮੇਟੀ ਦੇ ਮੁੱਖੀਆਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਪਹਿਲਾਂ ਦਾਅਵਾ ਫਿਰ… : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਯੂਕੇ ਨੇ ‘ਆਮ ਆਦਮੀ ਪਾਰਟੀ’ ਦੀਆਂ ਨੀਤੀਆਂ ਪ੍ਰਤੀ ਨਿਸ਼ਠਾ ਪ੍ਰਗਟ ਕਰਦਿਆਂ, ਉਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਨਾਲ ਹੀ ਉਸਦੇ ਟਿਕਟ ’ਤੇ ਪਛਮੀ ਦਿੱਲੀ ਤੋਂ ਲੋਕਸਭਾ ਦੀ ਚੋਣ ਲੜਨ ਦਾ ਦਾਅਵਾ ਵੀ ਠੋਕ ਦਿੱਤਾ। ਪ੍ਰੰਤੂ ਬਾਅਦ ਵਿੱਚ ਪਤਾ ਨਹੀਂ ਕਿਉਂ, ਇਹ ਆਖਦਿਆਂ ਉਨ੍ਹਾਂ ਲੋਕਸਭਾ ਦੀ ਚੋਣ ਲੜਨ ਦਾ ਦਾਅਵਾ ਵਾਪਸ ਲੈ ਲਿਆ ਕਿ ਉਹ ਆਪਣੇ ਲਈ ਟਿਕਟ ਲੈ. ਆਪਣੇ-ਆਪਨੂੰ ਕੇਵਲ ਇੱਕ ਹਲਕੇ ਤਕ ਸੀਮਤ ਕਰ ਲੈਣਾ ਨਹੀਂ ਚਾਹੁੰਦੇ, ਜਦਕਿ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਣ ਦੇ ਪਿੱਛੇ ਉਨ੍ਹਾਂ ਦਾ ਮਨੋਰਥ ਉਸਦੀ ਜਿੱਤ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਣਾ ਹੈ।
…ਅਤੇ ਅੰਤ ਵਿੱਚ : ਬੀ. ਵਰਿੰਦਰਜੀਤ ਸਿੰਘ (ਬਿਟੂ) ਦੀ ਅਗਵਾਈ ਵਿੱਚ ਪੰਜਾਬੀ ਪਰੋਮੋਸ਼ਨ ਫੋਰਮ ਬੀਤੇ 25 ਵਰ੍ਹਿਆਂ ਤੋਂ ਦਿੱਲੀ, ਪਟਨਾ ਸਾਹਿਬ (ਬਿਹਾਰ), ਇੰਦੌਰ (ਮੱਧ ਪ੍ਰਦੇਸ਼) ਅਤੇ ਨਾਂਦੇੜ (ਮਹਾਰਾਸ਼ਟਰਾ) ਵਿੱਚ ਮੁਫ਼ਤ ਪੰਜਾਬੀ ਭਾਸ਼ਾ ਦੀ ਸਿਖਿਆ ਦੇਣ ਦੀ ਸੇਵਾ ਨਿਭਾਂਦਾ ਚਲਿਆ ਆ ਰਿਹਾ ਹੈ। ਇਨ੍ਹਾਂ ਸਥਾਨਾਂ ਪੁਰ ਗਰਮੀਆਂ, ਦੁਸਹਿਰੇ ਅਤੇ ਵੱਡੇ ਦਿਨਾਂ ਆਦਿ ਦੀਆਂ ਛੁੱਟੀਆਂ ਵਿੱਚ ਪੰਜਾਬੀ ਭਾਸ਼ਾ ਦੀ ਸਿਖਿਆ ਦੇਣ ਲਈ ਕਲਾਸਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਵਰ੍ਹਿਆਂ ਵਿੱਚ ਇਸ ਸੰਸਥਾ ਵਲੋਂ ਸੈਂਕੜੇ ਨਹੀਂ, ਹਜ਼ਾਰਾਂ ਬੱਚਿਆਂ-ਬੱਚੀਆਂ, ਜਿਨ੍ਹਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਗ਼ੈਰ-ਸਿੱਖ ਬੱਚੇ-ਬੱਚੀਆਂ ਵੀ ਸ਼ਾਮਲ ਹਨ, ਨੂੰ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀ ਸੰਸਕ੍ਰਿਤੀ-ਸਭਿਆਚਾਰ ਦੀ ਵੀ ਸਿਖਿਆ ਦਿੱਤੀ ਗਈ। ਪਟਨਾ ਸਹਿਬ ਵਿੱਚ ਲਾਈਆਂ ਗਈਆਂ ਕਲਾਸਾਂ ਵਿੱਚ ਭਿੰਨ-ਭਿੰਨ ਫਿਰਕਿਆਂ ਦੇ ਬੱਚਿਆਂ-ਬੱਚੀਆਂ ਨੂੰ ਸਿਖਿਆ ਪ੍ਰਾਪਤ ਕਰਦਿਆਂ ਵੇਖ, ਉਥੋਂ ਦੇ ਪਤ੍ਰਕਾਰ, ਉਨ੍ਹਾਂ ਨਾਲ ਗਲਬਾਤ ਕਰ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਵਿਚੋਂ ਇੱਕ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ਕਿ ‘ਸਰਵ-ਧਰਮਭਾਵ ਨੂੰ ਮੰਨਦਿਆਂ ਇਨ੍ਹਾਂ ਜਮਾਤਾਂ ਵਿੱਚ ਜਿਥੇ ਦਰਜਨ-ਭਰ ਮੁਸਲਿਮ ਬਾਲਾਵਾਂ (ਬੱਚੀਆਂ) ਰੋਜ਼ੇ ਰਖ, ਗੁਰਮੁਖੀ (ਪੰਜਾਬੀ) ਦੀ ਸਿਖਿਆ ਗ੍ਰਹਿਣ ਕਰ ਰਹੀਆਂ ਹਨ, ਉਥੇ ਹੀ ਆਪਸ ਵਿੱਚ ਜਾਤ-ਪਾਤ ਦੇ ਭੇਦਭਾਵ ਤੋਂ ਉਠ ਕੇ ਪ੍ਰਭਾਵਸ਼ਾਲੀ ਅਰੰਭਤਾ ਹੋਈ ਵੀ ਵਿਖਾਈ ਦੇ ਰਹੀ ਹੈ’। ਇੱਕ ਹੋਰ ਨੇ ਲਿਖਿਆ,ਕਿ ‘ਪੰਜਾਬੀ ਪ੍ਰੋਮੋਸ਼ਨ ਫੋਰਮ’ ਵਲੋਂ ਗੁਰੂ ਗੋਬਿੰਦ ਸਿੰਘ ਬਾਲਿਕਾ ਉੱਚ ਵਿਦਿਆਲਯ ਵਿੱਚ ਜਾਰੀ ਪੰਜਾਬੀ ਭਾਸ਼ਾ ਦਾ ਗਿਆਨ ਦੇਣ ਦੇ ਪ੍ਰੋਗਰਾਮ ਅਧੀਨ ਪੰਜਾਬੀ ਸਿਖਣ ਲਈ ਮੁਸਲਿਮ ਵਿਦਿਆਰਥਣਾਂ ਦੀ ਵੀ ਭਾਰੀ ਹਾਜ਼ਰੀ ਵੇਖੀ ਗਈ’।