ਸਾਲ 2008 ਵਿੱਚ ਮਿਸ ਪੀਟੀਸੀ ਵਰਲਡ ਪੰਜਾਬਣ ਦੇ ਖਿਤਾਬ ਜਿੱਤਣ ਵਾਲੀ ਜਸਪਿੰਦਰ ਚੀਮਾ ਨੇ ਕਦੇ ਫ਼ਿਲਮ ਇੰਡਸਟਰੀ ਦਾ ਹਿੱਸਾ ਬਣਨ ਬਾਰੇ ਸੋਚਿਆ ਵੀ ਨਹੀਂ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਬਟਾਲਾ ਦੀ ਜੰਮਪਲ ਜਸਪਿੰਦਰ ਦਾ ਸਾਰਾ ਪਰਿਵਾਰ ਡਾਕਟਰੀ ਕਿੱਤੇ ਨਾਲ ਸਬੰਧਤ ਹੈ ਅਤੇ ਪਰਿਵਾਰ ਨੇ ਹਮੇਸ਼ਾ ਇਹੀ ਚਾਹਿਆ ਕਿ ਉਨ੍ਹਾਂ ਦੀ ਕੁੜੀ ਡਾਕਟਰ ਹੀ ਬਣੇ, ਪਰ ਪਰਮਾਤਮਾ ਨੇ ਉਹਦੇ ਲਈ ਕੁਝ ਹੋਰ ਸੋਚ ਰੱਖਿਆ ਸੀ। ਮਿਸ ਵਰਲਡ ਪੰਜਾਬਣ ਬਣਨ ਤੋਂ ਬਾਅਦ ਉਸ ਨੇ ਆਪਣੇ ਅਭਿਨੈ ਨੂੰ ਨਿਖਾਰਨ ਲਈ ਪੰਜਾਬ ਯੂਨੀਵਰਿਸਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਐਮਏ ’ਚ ਦਾਖਲਾ ਲਿਆ। ਇਸੇ ਦੌਰਾਨ ਇੱਕ ਨਾਟਕ ਵਿੱਚ ਉਹਦੀ ਅਦਾਕਾਰੀ ਦੇਖ ਕੇ ਫ਼ਿਲਮਸਾਜ਼ ਮਨਮੋਹਨ ਸਿੰਘ ਨੇ ਉਸ ਨੂੰ ਫ਼ਿਲਮ ‘ਇਕ ਕੁੜੀ ਪੰਜਾਬ ਦੀ’ ਵਿੱਚ ਨਾਇਕਾ ਦੇ ਕਿਰਦਾਰ ਲਈ ਚੁਣ ਲਿਆ। ਇਸ ਫ਼ਿਲਮ ਦੀ ਸਫ਼ਲਤਾ ਨੇ ਉਸ ਦੇ ਹੌਸਲੇ ਬੁਲੰਦ ਕਰ ਦਿੱਤੇ।
ਨਵੇਂ ਸਾਲ ’ਚ ਉਸ ਦੀਆਂ ਤਿੰਨ ਪੰਜਾਬੀ ਫ਼ਿਲਮਾਂ ‘ਧੀ ਪੰਜਾਬ ਦੀ’, ‘ਵੀਰਾਂ ਨਾਲ ਸਰਦਾਰੀ’ ਅਤੇ ‘ਡੋਂਟ ਵਰੀ ਯਾਰਾ’ ਸਿਨਮਾ ਘਰਾਂ ਦਾ ਸ਼ਿੰਗਾਰ ਬਣਨਗੀਆਂ। ਜਸਪਿੰਦਰ ਅੱਜਕਲ੍ਹ ਬਾਲੀਵੁੱਡ ਫ਼ਿਲਮ ’ਪੰਜੋ’ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਭਾਰਤ-ਪਾਕਿ ਵੰਡ ਸਮੇਂ ਵਾਪਰੀ ਇੱਕ ਸੱਚੀ ਘਟਨਾ ਉਪਰ ਆਧਾਰਤ ਇਸ ਫ਼ਿਲਮ ਵਿਚ ਉਹ ‘ਪੰਜਾਬ ਕੌਰ’ ਦਾ ਮੁੱਖ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਗੁਰਿੰਦਰ ਡਿੰਪੀ ਕਰ ਰਹੇ ਹਨ। ਹੰਸਰਾਜ ਦੇ ਨਾਟਕ ’ਪੰਜੋ’ ਉਪਰ ਆਧਾਰਤ ਇਹ ਫ਼ਿਲਮ ਵੰਡ ਵੇਲੇ ਪਾਕਿਸਤਾਨ ਤੋਂ ਆਈ ਇਕ ਔਰਤ, ਜੋ ਪਹਿਲਾਂ ਆਪਣਾ ਪਤੀ ਅਤੇ ਫਿਰ ’84 ਵਿੱਚ ਆਪਣਾ ਪੁੱਤਰ ਗੁਆ ਚੁੱਕੀ ਹੈ, ਦੀ ਕਹਾਣੀ ਬਿਆਨ ਕਰਦੀ ਹੈ। ਬਕੌਲ ਜਸਪਿੰਦਰ ਇਹ ਬਹੁਤ ਹੀ ਸੰਜੀਦਾ ਕਿਰਦਾਰ ਹੈ ਜਿਸ ਨੂੰ ਨਿਭਾਉਣ ਵਿਚ ਕਾਫੀ ਮਿਹਨਤ ਕਰਨੀ ਪਈ।ਆਪਣਾ ਪੁਲੀਸ ਅਫ਼ਸਰ ਦਾ ਸੁਪਨਾ ਸਾਕਾਰ ਕਰਨ ਲਈ ਉਹ ਸਮਾਂ ਕੱਢ ਕੇ ਫ਼ਿਲਮਾਂ ਦੇ ਨਾਲ ਆਈਪੀਐਸ ਦੀ ਤਿਆਰੀ ਵੀ ਕਰ ਰਹੀ ਹੈ।
–