ਚੰਡੀਗੜ੍ਹ, 15 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਸਾਲ 2013-14 ਦੌਰਾਨ 4 ਕਰੋੜ 75 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਨੇ ਇਸ ਮਾਨਸੂਨ ਸੀਜ਼ਨ ਦੌਰਾਨ ਵੱਡੇ ਪੱਧਰ ‘ਤੇ ਪੌਦੇ ਲਾਉਣ ਦੀ ਯੋਜਨਾ ਉਲੀਕੀ ਹੈ। ਵਿਭਾਗ ਵੱਲੋਂ ਨਵੇਂ ਪੌਦੇ ਲਾਉਣ ਲਈ ਸਰਕਾਰੀ ਜ਼ਮੀਨ, ਪੰਚਾਇਤੀ ਜ਼ਮੀਨ ਜਾਂ ਹੋਰ ਖਾਲੀ ਥਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਤਾਂ ਕਿ ਜੰਗਲਾਂ ਹੇਠ ਰਕਬਾ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨਿੱਜੀ ਪੱਧਰ ‘ਤੇ ਆਪਣੀਆਂ ਥਾਵਾਂ ‘ਤੇ ਪੌਦੇ ਲਾਉਣੇ ਚਾਹੁੰਦੇ ਹਨ, ਜੰਗਲਾਤ ਵਿਭਾਗ ਉਨ੍ਹਾਂ ਦੀ ਵੀ ਮਦਦ ਕਰੇਗਾ ਤਾਂ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਸ੍ਰ੍ਰੀ ਜਿਆਣੀ ਨੇ ਅੱਗੇ ਕਿਹਾ ਕਿ ਵਪਾਰਕ ਮੰਤਵਾਂ ਲਈ ਦਰੱਖਤ ਕੱਟਣ ਨਾਲ ਜੰਗਲਾਂ ਹੇਠ ਰਕਬਾ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਸਿਹਤਮੰਦ ਜ਼ਿੰਦਗੀ ਜਿਉਣ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹਰ ਖੁਸ਼ੀ ਦੇ ਮੌਕੇ ‘ਤੇ ਪੌਦੇ ਲਾਉਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਵੱਧ ਤੋਂ ਵੱਧ ਪੋਦੇ ਲਾਉਣ ਦੀ ਅਪੀਲ ਕੀਤੀ। ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੰਗਲਾਂ ਹੇਠ ਰਕਬਾ ਵਧਾਉਣ ਲਈ ਇੱਕ ਵੱਖਰੀ ਯੋਜਨਾ ਤਹਿਤ ਜੰਗਲਾਤ ਵਿਭਾਗ ਲਈ ਜ਼ਮੀਨ (ਗ਼ੈਰ ਵਣ ਰਕਬਾ) ਖ਼ਰੀਦਣ ਲਈ ਵੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।



