ਪੇਇਚਿੰਗ-ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਚੀਨ ਨੂੰ ਵੀ ਆਰਥਿਕ ਮੁਹਾਜ਼ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ 2013 ’ਚ ਚੀਨ ਦੀ ਆਰਥਿਕ ਵਿਕਾਸ ਦਰ 7.7 ਫੀਸਦੀ ਰਹੀ ਜੋ 14 ਸਾਲ ’ਚ ਸਭ ਤੋਂ ਘੱਟ ਰਹੀ। ਸਰਕਾਰੀ ਅੰਕੜਿਆਂ ਵਿੱਚ ਵਿਕਾਸ ਦਰ 7.5 ਫੀਸਦੀ ਹੋਣ ਦਾ ਅਨੁਮਾਨ ਰੱਖਿਆ ਗਿਆ ਸੀ ਜੋ ਉਮੀਦ ਨਾਲੋਂ ਬਿਹਤਰ ਰਹੀ। ਦਹਾਈ ਦੇ ਅੰਕੜੇ ’ਚ ਰਹਿਣ ਵਾਲੀ ਵਿਕਾਸ ਦਰ ਦੇ ਡਿੱਗਣ ਕਾਰਨ ਹੁਣ ਸੱਤਾਧਾਰੀ ਕਮਿਊਨਿਸਟ ਪਾਰਟੀ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਰੁਜ਼ਗਾਰ ਦੇ ਮੌਕੇ ਵਧੇ ਹਨ ਅਤੇ ਮਹਿੰਗਾਈ ’ਤੇ ਵੀ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ। ਪਿਛਲੇ ਸਾਲ ਮਾਰਚ ’ਚ ਸਰਕਾਰ ਦਾ ਕੰਮ ਸੰਭਾਲਣ ਵਾਲੇ ਨਵੇਂ ਆਗੂਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਦੱਸਿਆ ਜਾ ਰਿਹਾ ਹੈ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਕਰ ਵਿਆਜ ਦਰ 7.5 ਫੀਸਦੀ ਤੋਂ ਹੇਠਾਂ ਰਹਿੰਦੀ ਹੈ ਤਾਂ ਸਰਕਾਰੀ ਸਿਆਸੀ ਅਤੇ ਆਰਥਿਕ ਦਬਾਅ ਹੇਠ ਹੋਵੇਗੀ।
ਰੁਪਏ ਦੇ ਡਿੱਗਣ ਨਾਲ ਨੁਕਸਾਨ-ਪਭਾਰਤੀ ਰੁਪਏ ਦੀ ਕੀਮਤ ਡਿੱਗਣ ਕਾਰਨ ਭਾਰਤ ਵਿੱਚ ਬਿਜਲੀ ਜੈਨਰੇਟਰ ਵੇਚ ਰਹੀਆਂ ਚੀਨੀ ਕੰਪਨੀਆਂ ਨੂੰ ਵੱਡਾ ਮਾਲੀ ਨੁਕਸਾਨ ਹੋ ਰਿਹਾ ਹੈ। ਚੀਨੀ ਮਸ਼ੀਨ ਤੇ ਬਿਜਲੀ ਪੈਦਾਵਾਰ ਕਰਨ ਵਾਲੀ ਕੰਪਨੀ ਐਚਐਫ ਦੇ ਚੇਅਰਮੈਨ ਸ਼ੂ ਹੁਆਦੋਂਗ ਨੇ ਕਿਹਾ ਹੈ, ‘‘ਸਾਡੇ ਦੇਸ਼ ਦੀਆਂ ਕਈ ਕੰਪਨੀਆਂ ਭਾਰਤ ਵਿੱਚ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਹੀਆਂ ਹਨ, ਪਰ ਹਾਲ ਹੀ ਦੇ ਸਾਲਾਂ ਵਿੱਚ ਰੁਪਏ ਦੀ ਕੀਮਤ ਡਿੱਗਣ ਤੇ ਚੀਨੀ ਕਰੰਸੀ ਦੀ ਕੀਮਤ ਵਧਣ ਕਾਰਨ ਸਾਡਾ ਮਾਲੀ ਨੁਕਸਾਨ ਹੋ ਰਿਹਾ ਹੈ।’’ ਉਨ੍ਹਾਂ ਦੱਸਿਆ ਕਿ ਬੀਤੇ ਸਾਲ 2013 ਵਿੱਚ ਭਾਰਤੀ ਰੁਪਿਆ 20 ਫੀਸਦੀ ਤੱਕ ਡਿੱਗਿਆ ਤੇ ਚੀਨੀ ਕਰੰਸੀ 5 ਫੀਸਦ ਤੱਕ ਵਧੀ। ਇਸ ਨਾਲ ਚੀਨੀ ਕੰਪਨੀਆਂ ਦੇ ਕੁੱਲ ਮੁਨਾਫ਼ੇ ਵਿੱਚ 25 ਫੀਸਦ ਦਾ ਨੁਕਸਾਨ ਆ ਗਿਆ।