April 30, 2026 3:28 am

ਬਾਦਲ ਵੱਲੋਂ ਪੰਜਾਬ ਵਿੱਚ ਸਹਿਕਾਰੀ ਸੋਸਾਇਟੀਆਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਯੋਜਨਾ ’ਤੇ ਜ਼ੋਰ

ਰਾਜ ਭਰ ਵਿੱਚ ਸਹਿਕਾਰੀ ਬੈਂਕਾਂ ’ਚ 100 ਏ.ਟੀ.ਐ¤ਮ. ਸਥਾਪਤ ਕੀਤੇ ਜਾਣਗੇ

image ਚੰਡੀਗੜ੍ਹ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਰਾਜ ਵਿੱਚ ਸਹਿਕਾਰੀ ਲਹਿਰ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਸਾਰੀਆਂ ਸਹਿਕਾਰੀ ਸੋਸਾਇਟੀਆਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਯੋਜਨਾ ਤਿਆਰ ਕਰੇਗੀ ਤਾਂ ਜੋ ਇਹ ਵਿੱਤੀ ਤੌਰ ‘ਤੇ ਜ਼ਿਆਦਾ ਚੱਲਣਯੋਗ ਬਣ ਸਕਣ।ਇਸ ਸਬੰਧੀ ਹਦਾਇਤਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿਵਾਸ ਸਥਾਨ ‘ਤੇ ਪਿਛਲੀ ਸ਼ਾਮ ਸਹਿਕਾਰੀ ਵਿਭਾਗ ਦੀ ਉਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਣ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਿਤੀਆਂ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਦੀਆਂ ਕੁੱਲ 3533 ਸਹਿਕਾਰੀ ਸੋਸਾਇਟੀਆਂ ਵਿਚੋਂ ਘਾਟੇ ’ਤੇ ਜਾ ਰਹੀਆਂ 1040 ਸੋਸਾਇਟੀਆਂ ਨੂੰ ਘਾਟੇ ‘ਚੋਂ ਕੱਢਣ ਲਈ ਰਣਨੀਤੀ ਤਿਆਰ

ਕਰਨ ਲਈ ਕਿਹਾ। ਉਨ੍ਹਾਂ ਨੇ ਇਸ ਵਿੱਤੀ ਸੰਕਟ ਵਿਚੋਂ ਇਨ੍ਹਾਂ ਸੋਸਾਇਟੀਆਂ ਨੂੰ ਕੱਢਣ ਲਈ ਪ੍ਰਭਾਵੀ ਮੁਹਿੰਮ ਅਤੇ ਬਿਜਨਸ ਸਰਗਰਮੀਆਂ ਚਲਾਉਣ ਲਈ ਕਿਹਾ।
ਰਾਜ ਵਿੱਚ ਖੇਤੀਬਾੜੀ ਦੀ ਖੜੋਤ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਸਹਿਕਾਰੀ ਸੋਸਾਇਟੀਆਂ ਕਿਸਾਨੀ ਨਾਲ ਸਬੰਧਤ ਧੰਦਿਆਂ ਨੂੰ ਬੜ੍ਹਾਵਾ ਦੇਣ ਲਈ ਹਰਿਆਵਲ ਦਸਤੇ ਦੀ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਫ਼ਸਲਾਂ ਦੀ ਲਾਗਤ ਘਟਾਉਣਾ ਸਮੇਂ ਦੀ ਵੱਡੀ ਲੋੜ ਹੈ ਜਿਸ ਲਈ ਰਾਜ ਸਰਕਾਰ ਨੇ ਰਾਜ ਭਰ ਵਿੱਚ ਐਗਰੋ ਸੈਂਟਰ ਸਥਾਪਤ ਕੀਤੇ ਹਨ ਜਿੱਥੋਂ ਕਿਸਾਨ ਖੇਤੀ ਦੇ ਸੰਦ ਕਿਰਾਏ ’ਤੇ ਲੈ ਸਕਦਾ ਹੈ ਅਤੇ ਉਸ ਨੂੰ ਖੇਤੀ ਕਰਨ ਲਈ ਆਪਣੇ ਸੰਦ ਖਰੀਦਣ ਦੀ ਲੋੜ ਨਹੀਂ ਹੈ। ਇਸ ਰੁਝਾਨ ਨੂੰ ਕਿਸਾਨਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਸ. ਬਾਦਲ ਨੇ ਹਰੇਕ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦਾ ਘੱਟੋ ਘੱਟ ਇੱਕ ਵੱਡਾ ਸੈਂਟਰ ਵਿਕਸਤ ਕਰਨ ਲਈ ਵਿਭਾਗ ਨੂੰ ਆਖਿਆ ਹੈ ਜਿੱਥੇ ਸਾਰੇ ਤਰ੍ਹਾਂ ਦੇ ਖੇਤੀ ਸੰਦ ਚੋਖੀ ਮਾਤਰਾ ਵਿੱਚ ਉਪਲਬਧ ਹੋਣ ਅਤੇ ਇਹ ਕਿਸਾਨਾਂ ਨੂੰ ਆਕਰਸ਼ਤ ਕਰਨ। ਸ. ਬਾਦਲ ਨੇ ਸਹਿਕਾਰੀ ਵਿਭਾਗ ਨੂੰ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਮਿਆਰੀ ਖਾਦਾਂ ਅਤੇ ਹੋਰ ਖੇਤੀ ਰਸਾਇਣ ਕਿਸਾਨਾਂ ਨੂੰ ਸਸਤੀਆਂ ਦਰਾਂ ਉਤੇ ਉਨ੍ਹਾਂ ਦੇ ਦਰਾਂ ‘ਤੇ ਜਾ ਕੇ ਸਹਿਕਾਰੀ ਸੋਸਾਇਟੀਆਂ ਰਾਹੀਂ ਮੁਹੱਈਆ ਕਰਵਾਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਹਿਕਾਰੀ ਬੈਂਕਾਂ ਵਲੋਂ ਕਰਜ਼ੇ ਵੀ ਮੁਹੱਈਆ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਨਿੱਜੀ ਕਰਜ਼ਿਆਂ ਦੇ ਬੋਝ ਤੋਂ ਬਚਾਇਆ ਜਾ ਸਕੇ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕਾਂ ਦਾ ਪੱਧਰ ਉਚਾ ਚੁੱਕਣ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਜਿਸ ਦੌਰਾਨ ਸਾਰੀਆਂ 842 ਬਰਾਂਚਾਂ/ਹੈਡ ਆਫਿਸਿਜ਼ ਉਤੇ ਸੀ.ਬੀ.ਐਸ. ਲਾਗੂ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਰੀਅਲ ਟਾਈਮ ਗਰੌਸ ਸੈਟਲਮੈਂਟ ਸਿਸਟਮ ਅਤੇ ਨੈਸ਼ਨਲ ਇਲੈਕਟ੍ਰਾਨਿਕ ਫੰਡਜ਼ ਟ੍ਰਾਂਸਫਰ ਸਿਸਟਮ ਵਰਗੀਆਂ ਸੇਵਾਵਾਂ 19 ਜ਼ਿਲ੍ਹਾ ਸੈਂਟਰਾਂ ਸਹਿਕਾਰੀ ਬੈਂਕਾਂ ਵਿੱਚ ਮੁਹੱਈਆ ਕਰਵਾਈਆਂ ਗਈਆਂ ਹਨ। ਸਹਿਕਾਰੀ ਵਿਭਾਗ ਦੀਆਂ ਠੋਸ ਕੋਸ਼ਿਸ਼ਾਂ ਦੇ ਨਾਲ ਤਿੰਨ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਜੋ 31 ਮਾਰਚ, 2012 ਤੱਕ ਘਾਟੇ ਵਿੱਚ ਜਾ ਰਹੀਆਂ ਸਨ, 31 ਮਾਰਚ, 2013 ਤੱਕ ਮੁਨਾਫੇ ਵਿੱਚ ਆ ਗਈਆਂ ਹਨ। ਇਸੇ ਤਰ੍ਹਾਂ ਹੁਣ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਸਾਰੀਆਂ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ 31 ਮਾਰਚ, 2013 ਤੱਕ ਮੁਨਾਫੇ ਵਿੱਚ ਆ ਗਈਆਂ ਹਨ। ਪੰਜਾਬ ਰਾਜ ਸਹਿਕਾਰੀ ਬੈਂਕ ਦਾ ਕੁਲ ਲਾਭ 18.91 ਕਰੋੜ ਰੁਪਏ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦਾ ਲਾਭ 36.84 ਕਰੋੜ ਰੁਪਏ ਹੈ।
ਮੁੱਖ ਮੰਤਰੀ ਨੇ ਖਾਤਾਧਾਰਕਾਂ ਨੂੰ ਨਿੱਜੀ ਦੁਰਘਟਨਾ ਬਿਪਤਾ ਲਈ ‘ਸਹਿਕਾਰੀ ਬੈਂਕ ਬੀਮਾ ਯੋਜਨਾ’ ਸਕੀਮ ਨਵਿਉਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵੇਲੇ ਸਹਿਕਾਰੀ ਬੈਂਕ ਬੀਮਾ ਯੋਜਨਾ ਸਕੀਮ ਤਹਿਤ ਉਨ੍ਹਾਂ ਖਾਤਾਧਾਰਕਾਂ ਨੂੰ ਇਕ ਲੱਖ ਰੁਪਏ ਤੱਕ ਨਿੱਜੀ ਦੁਰਘਟਨਾ ਬਿਪਤਾ ਹੇਠ ਲਿਆਂਦਾ ਗਿਆ ਸੀ, ਜਿਨ੍ਹਾਂ ਦੇ ਖਾਤੇ ਵਿੱਚ ਘੱਟੋ-ਘੱਟ 1500 ਰੁਪਏ ਬਕਾਇਆ ਸਨ। ਹੁਣ ਸੋਧੀ ਹੋਈ ਸਕੀਮ ਹੇਠ ਜਿਨ੍ਹਾਂ ਦਾ ਘੱਟੋ-ਘੱਟ 3000 ਰੁਪਏ ਖਾਤੇ ਵਿੱਚ ਬਕਾਇਆ ਹੈ, ਉਨ੍ਹਾਂ ਖਾਤਾਧਾਰਕਾਂ ਨੂੰ ਨਿੱਜੀ ਦੁਰਘਟਨਾ ਬਿਪਤਾ ਲਈ ਤਿੰਨ ਲੱਖ ਰੁਪਏ ਦਾ ਲਾਭ ਮਿਲੇਗਾ। ਜਿਨ੍ਹਾਂ ਖਾਤਾਧਾਰਕਾਂ ਦੇ ਖਾਤੇ ਵਿੱਚ 500 ਰੁਪਏ ਬਕਾਇਆ ਹੈ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਲਾਭ ਮਿਲੇਗਾ।
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਰਾਜ ਸਹਿਕਾਰੀ ਬੈਂਕ, ਆਧਾਰ ਪੇਮੈਂਟ ਬ੍ਰਿਜ ਸਿਸਟਮ ਦਾ ਮੈਂਬਰ ਬਣ ਗਈ ਹੈ। ਇਸ ਨੇ 100 ਏ.ਟੀ.ਐਮ. ਸਥਾਪਤ ਕਰਨ ਲਈ ਰੂਪ-ਰੇਖਾ ਤਿਆਰ ਕਰ ਲਈ ਹੈ ਅਤੇ ਇਨ੍ਹਾਂ ਲਈ ਥਾਵਾਂ ਦੀ ਸ਼ਨਾਖ਼ਤ ਕਰ ਲਈ ਹੈ।
ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼ ਸ੍ਰੀ ਏ.ਐਸ. ਮਿਗਲਾਨੀ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਅਤੇ ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ ਸ੍ਰੀ ਮੁਨੇਸ਼ਵਰ ਚੰਦਰ ਤੋਂ ਇਲਾਵਾ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Send this to a friend