ਬਰਨਾਲਾ, 21 ਜਨਵਰੀ (ਕੁਲਦੀਪ ਸੂਦ)-ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਵਿੱਚ ਐਸ.ਡੀ. ਕਾਲਜ ਬਰਨਾਲਾ, ਸਰਕਾਰੀ ਆਈ.ਟੀ.ਆਈ. ਲੜਕੇ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਐਸ.ਐਸ.ਪੀ. ਬਰਨਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਪ੍ਰਦੀਪ ਕਸਬਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸੇਖਾ, ਜ਼ਿਲ੍ਹਾ ਆਗੂ ਸਿਮਰਜੀਤ ਸਿੰਘ ਸੇਖਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਸ਼ੰਕਰ ਬਦਰਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਰੱਖੇ ਗਏ ਗੁੰਡੇ ਜੋ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ ਅਤੇ ਗੁੰਡਾ ਗਰਦੀ ਕਰਕੇ ਧੱਕੇ ਨਾਲ ਵਿਦਿਆਰਥੀਆਂ ਦੀਆਂ ਟਿਕਟਾਂ ਕੱਟਦੇ ਹਨ ਅਤੇ ਅਡੈਂਟੀ ਕਾਰਡ ਚੈਕ ਕਰਨ ਦੇ ਬਹਾਨੇ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਜਦੋਂਕਿ ਪਿਛਲੇ ਦਿਨੀਂ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਪ੍ਰਸਾਸ਼ਨ ਨੂੰ ਮਿਲੇ ਸੀ ਤਾਂ ਪ੍ਰਸਾਸ਼ਨ ਨੇ ਉਨ੍ਹਾਂ ਗੁੰਡਿਆਂ ਨੂੰ ਰਾਸਤੇ ਵਿੱਚੋਂ ਹਟਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਸ ਦਾ ਕੋਈ ਸਿੱਟਾ ਨਹੀਂ ਨਿੱਕਲਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਿਜੀਕਰਨ ਦੀ ਨੀਤੀ ਤਹਿਤ ਪਹਿਲਾਂ ਫੀਸਾਂ ਵਿੱਚ ਅਥਾਂਹ ਵਾਧਾ ਕੀਤਾ ਅਤੇ ਫਿਰ ਵਿਦਿਆਰਥੀਆਂ ਨੂੰ ਮਿਲੀ ਬੱਸ ਪਾਸ ਦੀ ਸਹੂਲਤ ਵੀ ਖੋਹ ਲਈ ਹੈ। ਵਿਦਿਆਰਥੀ ਦੇ ਨਾਲ ਪੜ੍ਹਾਈ ਦੇ ਨਾਂ ’ਤੇ ਮਜ਼ਾਕ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਕਾਲਜ ਕਮੇਟੀ ਮੈਂਬਰ ਹਰਮਨ ਆਜ਼ਾਦ, ਨਵਦੀਪ ਸਿੰਘ, ਵੀਰਪਾਲ ਕੌਰ, ਲਵਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਲਖਵੀਰ ਸਿੰਘ ਨੇ ਕਿਹਾ ਕਿ ਜੇਕਰ ਇਨ੍ਹਾਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਵੱਲੋਂ ਰੱਖੇ ਗੁੰਡਿਆਂ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਐਸ.ਐਸ.ਪੀ. ਬਰਨਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਵਿਦਿਆਰਥੀਆਂ ਨੂੰ ਵਿਸ਼ੇਵਾਸ ਦਿਵਾਉਂਦਿਆਂ ਕਿਹਾ ਕਿ ਉਹ ਆਪਣੀ ਪੜ੍ਹਾਈ ਦਿਲ ਲਗਾ ਕੇ ਕਰਨ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਉਹ ਜਲਦੀ ਕਰ ਦੇਣਗੇ।