April 30, 2026 7:59 pm

ਡਰੱਗ ਤਸਕਰੀ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਲੋੜ ਨਹੀਂ : ਮੁੱਖ ਮੰਤਰੀ

ਡੀ.ਜੀ.ਪੀ. ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ ਨਿਰਪੱਖ ਜਾਂਚ
image ਮੋਹਾਲੀ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਡਰੱਗ ਤਸ਼ਕਰ ਜਗਦੀਸ਼ ਭੋਲਾ ਦੇ ਬਿਆਨ ’ਤੇ ਡਰੱਗ ਤਸ਼ਕਰੀ ਮਾਮਲੇ ’ਚ ਸੀ.ਬੀ.ਆਈ. ਜਾਂਚ ਦੀ ਲੋੜ ਨਹੀਂ। ਕਾਂਗਰਸ ਪਾਰਟੀ ਇਸ ਮੰਗ ਨੂੰ ਲੈ ਕੇ ਆਪਣੀ ਡਿੱਗੀ ਸਾਖ ਨੂੰ ਬਚਾਉਣ ਲਈ ਰਾਜਸ਼ੀ ਰੋਟੀਆਂ ਸੇਕਣ ਦੀ ਤਾਕ ਵਿੱਚ ਹੈ ਜਦਕਿ ਪੰਜਾਬ ਦੇ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀ ਭਾਂਤ ਜਾਣੂੰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਸ.ਏ.ਐਸ.ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਪੰਜਾਬ ਅੱਜ ਇੱਥੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਨਵਨਿਯੁਕਤ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਆਹੁਦਾ ਸੰਭਾਲਣ ਮੌਕੇ ਆਸ਼ੀਰਵਾਦ ਦੇਣ ਲਈ ਪੁੱਜੇ ਹੋਏ ਸਨ।
ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਕਾਂਗਰਸ ਵੱਲੋਂ ਚੰਡੀਗੜ੍ਹ ਵਿਖੇ ਡਰੱਗ ਤਸਕਰੀ ਦੇ ਮਾਮਲੇ ’ਚ ਸੀ.ਬੀ.ਆਈ ਜਾਂਚ ਦੀ ਮੰਗ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਡਰੱਗ ਤਸਕਰੀ ਮਾਮਲੇ ਦੀ ਜਾਂਚ ਡੀ.ਜੀ.ਪੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਨਿਰਪੱਖ ਤੌਰ ਤੇ ਕੀਤੀ ਜਾ ਰਹੀ ਹੈ। ਜਿਸ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ  ਅਤੇ ਜੋ ਵੀ ਡਰੱਗ ਤਸ਼ਕਰੀ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਭਾਵੇਂ ਉਹ ਕਿੰਨੀ ਵੀ ਵੱਡੀ ਹੈਸੀਅਤ ਰੱਖਦਾ ਹੋਵੇ  ਨੂੰ ਬਖ਼ਸਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਸਿਆਸੀ ਸੰਪਰਕ ਵਰਤ ਕੇ ਡਰੱਗ ਸਰਗਨੇ ਜਗਦੀਸ਼ ਸਿੰਘ ਭੋਲੇ ਨੂੰ ਬਚਾਉਣ ਦੀਆਂ ਨਿਰੰਤਰ ਕੋਸ਼ਿਸਾਂ ਕਰ ਰਿਹਾ ਹੈ । ਉਹਨਾਂ ਕਿਹਾ ਕਿ ਉਹ ਜਗਦੀਸ਼ ਭੋਲਾ ਤੋਂ ਬਿਕਰਮ ਸਿੰਘ ਮਜੀਠੀਆ ਵਰਗੇ ਆਗੂਆਂ ਦੇ ਨਾਂ ਬੁਲਵਾ ਕੇ ਅਤੇ ਸੀ.ਬੀ.ਆਈ ਜਾਂਚ ਦੀ ਮੰਗ ਕਰਕੇ ਡਰੱਗ ਤਸ਼ਕਰੀ ਮਾਮਲੇ ਵਿੱਚ ਇੱਕ ਵੱਡਾ ਭੰਬਲਭੂਸਾ ਖੜਾ ਕਰਨਾ ਚਾਹੁੰਦੇ ਹਨ ਅਤੇ ਪ੍ਰਤਾਪ ਬਾਜਵਾ ਨੂੰ ਇਹ ਆਸ ਹੈ ਕਿ ਜੇ ਜਾਂਚ ਪੰਜਾਬ ਪੁਲਿਸ ਦੇ ਹੱਥ ਵਿੱਚੋਂ ਨਿਕਲ ਜਾਵੇ ਤਾਂ ਉਹ ਸੀ.ਬੀ.ਆਈ ਤੋਂ ਉਸਨੂੰ ਬਚਾਅ ਲਵੇਗਾ ਪ੍ਰੰਤੂ ਅਜਿਹਾ ਹੋਣ ਨਹੀ ਦਿੱਤਾ ਜਾਵੇਗਾ।
ਪੱਤਰਕਾਰਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਖੇ ਗ੍ਰਹਿ ਮੰਤਰਾਲੇ ਦੇ ਬਾਹਰ ਧਰਨੇ ਤੇ ਬੈਠਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਧਰਨੇ ਤੇ ਬੈਠਣਾ ਸੋਭਾ ਨਹੀਂ ਦਿੰਦਾ। ਪੱਤਰਕਾਰਾਂ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਇਸ ਵਾਰ ਕਾਂਗਰਸ ਦਾ ਸਫ਼ਾਇਆ ਹੋ ਜਾਵੇਗਾ ਕਿਉਂਕਿ ਕਾਂਗਰਸ ਦੀ ਲੋਕ ਮਾਰੂ ਨੀਤੀਆਂ ਕਾਰਨ ਬੇਰੁਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ ਅਤੇ ਹੁਣ ਦੇਸ਼ ਦੇ ਲੋਕ ਕਾਂਗਰਸ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਇਸ ਤੋਂ ਪਹਿਲਾਂ ਉਹਨਾਂ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਆਹੁਦਾ ਸੰਭਾਲਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ 33 ਬੀਬੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੈਂਬਰ ਹਨ। ਉਹਨਾਂ ਕਿਹਾ ਕਿ ਬੀਬੀ ਰਾਮੂਵਾਲੀਆ ਨੂੰ ਵੀ ਉਹਨਾਂ ਦੀ ਕਾਬਲੀਅਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਲਗਾਇਆ ਗਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਉਹ ਇਸ ਆਹੁਦੇ ਤੇ ਰਹਿ ਕੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਆਪਣਾ ਅਹਿਮ ਯੋਗਦਾਨ ਪਾਉਣਗੇ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਮੁੱਖ ਬੁਲਾਰਾ ਸ੍ਰੋਮਣੀ ਅਕਾਲੀ ਦਲ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹਮੇਸ਼ਾਂ ਰਾਮੂਵਾਲੀਆ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਮੇਸ਼ਾਂ ਤੱਤਪਰ ਰਹਿਣਗੇ ਅਤੇ ਜੋ ਇਸ ਪਰਿਵਾਰ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਨਵਨਿਯੁਕਤ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਜੋ ਵਿਸ਼ਵਾਸ ਮੁੱਖ ਮੰਤਰੀ ਪੰਜਾਬ ਨੇ ਮੇਰੇ ਤੇ ਪ੍ਰਗਟਾਇਆ ਹੈ ਉਸਤੇ ਖਰਾ ਉਤਰਿਆ ਜਾਵੇਗਾ ਅਤੇ ਇਸ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਪੂਰੇ ਤਨ ਮਨ ਅਤੇ ਧਨ ਨਾਲ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਬੀਬੀ ਰਾਮੂਵਾਲੀਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ, ਚੇਅਰਪਰਸ਼ਨ ਪੰਜਾਬ ਰਾਜ ਮਹਿਲਾ ਕਮਿਸ਼ਨ ਬੀਬੀ ਪਰਮਜੀਤ ਕੌਰ, ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਦੀਪਇੰਦਰ ਸਿੰਘ ਢਿੱਲੋਂ, ਦਿੱਲੀ ਤੋਂ ਐਮ.ਐਲ.ਏ. ਸ੍ਰ ਮਨਜਿੰਦਰ ਸਿੰਘ ਸਰਸਾ, ਸ੍ਰੀ ਜੋਗਿੰਦਰ ਸਿੰਘ ਸਲੈਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਬੀਬੀ ਜਰਨੈਲ ਕੌਰ ਰਾਮੂਵਾਲੀਆ, ਬੀਬੀ ਬਲਵੀਰ ਕੌਰ ਭੁੱਲਰ, ਸ੍ਰੀ ਅਰਵਿੰਦਰ ਸਿੰਘ ਭੁੱਲਰ, ਐਡਵੋਕੇਟ ਪਰਮਜੀਤ ਸਿੰਘ ਬਰਾੜ, ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਸ੍ਰੀ ਰਮਨਦੀਪ ਸਿੰਘ ਭਰੋਵਾਲ,  ਵਾਈਸ ਚੇਅਰਮੈਨ, ਲੇਬਰਫੈੱਡ ਪੰਜਾਬ ਸ੍ਰੀ ਪਰਮਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸ੍ਰੀਮਤੀ ਕੁਲਦੀਪ ਕੌਰ ਕੰਗ, ਜ਼ਿਲ੍ਹਾ ਮੋਹਾਲੀ ਬਲਜੀਤ ਸਿੰਘ ਕੁੰਭੜਾ, ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ ਸ੍ਰ: ਪਰਮਜੀਤ ਸਿੰਘ ਕਾਹਲੋ, ਸੀਨੀਅਰ ਯੂਥ ਅਕਾਲੀ ਆਗੂ  ਸ੍ਰ: ਹਰਜਿੰਦਰ ਸਿੰਘ ਬਲੌਂਗੀ, ਸੀਨੀਅਰ ਮੀਤ ਪ੍ਰਧਾਨ, ਅਕਾਲੀ ਦਲ ਸ਼ਹਿਰੀ ਜਸਵਿੰਦਰ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਸ੍ਰ: ਕਮਲਜੀਤ ਸਿੰਘ ਰੂਬੀ, ਪ੍ਰਧਾਨ ਬੀਸੀ. ਸੈੱਲ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ੍ਰ: ਗੁਰਮੁੱਖ ਸਿੰਘ ਸੋਹਲ, ਸ੍ਰ ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ, ਸ੍ਰ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਐਸ.ਜੀ.ਪੀ.ਸੀ, ਬੀਬੀ ਮਨਮੋਹਨ ਕੌਰ, ਬੀਬੀ ਜਸਵੀਰ ਕੌਰ, ਸ੍ਰ ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਸ੍ਰ ਸਾਹਿਬ ਸਿੰਘ ਬਡਾਲੀ, ਸ੍ਰੀਮਤੀ ਅਮਤੇਸ਼ਵਰ ਕੌਰ, ਮਨਜੀਤ ਸਿੰਘ ਮੁੰਧੋ ਸੰਗਤੀਆਂ, ਸ੍ਰੀ ਗੁਰਮੇਲ ਸਿੰਘ ਮੌਜੀਵਾਲ, ਬੀਬੀ ਕਸ਼ਮੀਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਮਨਮੀਤ ਕੌਰ ਲੀਮਾ, ਬੀਬੀ ਮਨਜੀਤ ਕੌਰ ਸੈਣੀ, ਸੁਖਪਾਲ ਸਿੰਘ ਝੱਜ, ਐਨ.ਐਸ.ਵਾਲੀਆ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਡਾਇਰੈਕਟਰ ਸਹਿਕਾਰੀ ਬੈਂਕ, ਸ੍ਰੀ ਮੰਨਾ ਸੰਧੂ, ਸ੍ਰੀ ਸੁਖਵਿੰਦਰਪਾਲ ਸਿੰਘ ਸਮੇਤ ਹੋਰ ਪੱਤਵੰਤੇ ਵੀ ਮੌਜੂਦ ਸਨ। ਸਮਾਗਮ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਇੰਦਰਮੋਹਨ ਸਿੰਘ ਸਮੇਤ ਹੋਰ ਸਿਵਲ ਅਤੇ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ।

Send this to a friend