ਫਰੀਦਕੋਟ, 10 ਜਨਵਰੀ (ਗੁਰਜੀਤ ਰੋਮਾਣਾ)- ਪੰਜਾਬ ਪੁਲਿਸ ਵਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸਾਸ਼ਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ‘ਚ ਕਾਰਜਸ਼ੀਲ ਸਾਂਝ ਕੇਂਦਰ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮਾਂ ਹਦ ਅੰਦਰ ਸੇਵਾਵਾਂ ਉਪਲਬਧ ਕਰਵਾ ਰਹੇ ਹਨ। ਮਹੀਨਾ ਦਸੰਬਰ 2017 ਦੌਰਾਨ ਜ਼ਿਲ੍ਹਾ ਫਰੀਦਕੋਟ ਵਿਚ 4458 ਲੋਕਾਂ ਨੇ ਸਾਂਝ ਕੇਂਦਰਾਂ ਰਾਹੀਂ ਗ੍ਰਹਿ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਪੁਲਿਸ ਨਾਲ ਸਾਂਝ ਪਾਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐਸ. ਨੇ ਦਿਤੀ।ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਿਸੇ ਮੁਸਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਸਾਂਝ ਕੇਂਦਰਾਂ ਰਾਹੀਂ ਪੁਲਿਸ ਦਾ ਆਮ ਲੋਕਾਂ ਨਾਲ ਸੰਪਰਕ ਵਧਿਆ ਹੈ ਅਤੇ ਲੋਕ ਬੇਝਿਜਕ ਇੰਨ੍ਹਾਂ ਸਾਂਝ ਕੇਂਦਰਾਂ ਤੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈ ਰਹੇ ਹਨ। ਉਨ੍ਹਾ ਦਸਿਆ ਕਿ ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਇਲਾਵਾ ਹਰ ਥਾਣੇ ਵਿਚ ਆਉਟਰੀਚ ਸੈਂਟਰ ਚਲ ਰਹੇ ਹਨ, ਜੋ ਕਿ ਸਫ਼ਲਤਾ ਪੂਰਵਕ ਆਮ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹਈਆ ਕਰਵਾਉਣ ਲਈ ਸਹਾਈ ਸਿਧ ਹੋ ਰਹੇ ਹਨ।ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਹੁਣ ਤਕ ਕੁਲ 7996 ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸੇਵਾਵਾਂ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ ਜਿੰਨ੍ਹਾਂ ਵਿਚੋਂ 4458 ਦਾ ਨਿਪਟਾਰਾ ਕੀਤਾ ਜਾ ਚੁਕਾ ਹੈ ਜਦਕਿ 3538 ਤੇ ਕਾਰਵਾਈ ਚਲ ਰਹੀ ਹੈ। ਜਿੰਨ੍ਹਾਂ ਅਰਜੀਆਂ ਤੇ ਕਾਰਵਾਈ ਚਲ ਰਹੀ ਹੈ ਉਹ ਵੀ ਨਿਰਧਾਰਤ ਸਮਾਂ ਹਦ ਦੇ ਅੰਦਰ ਹੀ ਹੈ।ਉਨ੍ਹਾਂ ਦਸਿਆ ਕਿ ਮਹੀਨਾ ਦਸੰਬਰ 2017 ਦੌਰਾਨ 4474 ਅਰਜੀਆਂ ਜਿਲ੍ਹੇ ਵਿਚ ਇੰਨ੍ਹਾਂ ਸਾਂਝ ਕੇਂਦਰਾਂ ਰਾਹੀਂ ਪ੍ਰਾਪਤ ਕੀਤੀਆ ਗਈਆਂ। ਇਸ ਅਰਸੇ ਦੌਰਾਨ ਪ੍ਰਾਪਤ ਹੋਈਆ ਦਰਖਾਸਤਾਂ ਜਿੰਨ੍ਹਾਂ ‘ਚੋ ਵਿਸ਼ੇਸ਼ ਤੌਰ ਤੇ 688 ਐਫ.ਆਈ.ਆਰ/ਡੀ.ਡੀ.ਆਰ ਮਾਮਲੇ ਨਾਲ ਸਬੰਧਿਤ, 2017 ਪਾਸਪੋਰਟ ਵੈਰੀਫ਼ਿਕੇਸ਼ਨ ਨਾਲ ਸਬੰਧਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹੀਨਾ ਦਸੰਬਰ ਦੌਰਾਨ 4458 ਅਰਜੀਆਂ ਦਾ ਨਿਪਟਾਰਾ ਹੋਇਆ। ਉਨ੍ਹਾਂ ਦਸਿਆ ਕਿ ਇਹ ਸੇਵਾਵਾਂ ਪਬਲਿਕ ਨੂੰ ਨਿਰਧਾਰਿਤ ਸਮੇਂ ਅੰਦਰ ਪ੍ਰਦਾਨ ਕਰਵਾਈਆਂ ਗਈਆਂ ਹਨ।ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਪੁਲਿਸ ਸਾਂਝ ਕੇਂਦਰਾਂ ਰਾਹੀਂ ਵਧ ਤੋਂ ਵਧ ਸੇਵਾਂਵਾਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆਂ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁਧੀਜੀਵੀ ਵਿਅਕਤੀਆਂ ਦੇ ਅਧਾਰਿਤ ਬਣਾਈਆਂ ਸੁਸਾਇਟੀਆਂ ਵਲੋਂ ਘਰੇਲੂ ਝਗੜੇ, ਮਾਰਕੁਟ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਦੇ ਘਰੇਲੂ ਮਾਮਲੇ, ਔਰਤਾਂ ਅਤੇ ਬਚਿਆਂ ਨਾਲ ਸਬੰਧਤ ਸਮਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਕਰਮਚਾਰੀਆਂ ਦਾ ਪਹਿਰਾਵਾ ਵੀ ਸਿਵਲ ਡਰੈਸ ਵਿਚ ਕੀਤਾ ਗਿਆ ਹੈ।
ਪਾਸਪੋਰਟ ਵੈਰੀਫ਼ਿਕੇਸ਼ਨ ਨਾਲ ਸਬੰਧਤ ਦਰਖਾਸਤਾਂ ਦਾ ਸਮੇਂ ਸਿਰ ਕੀਤਾ ਗਿਆ ਨਿਪਟਾਰਾ : ਐਸ.ਐਸ.ਪੀ. ਡਾ.ਨਾਨਕ ਸਿੰਘ



