ਫਰੀਦਕੋਟ, 9 ਜਨਵਰੀ (ਗੁਰਜੀਤ ਰੋਮਾਣਾ)- ਪਿੰਡ ਵਾਸੀਆਂ ਦੀ ਸਾਂਝੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਜਿਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਜਿਸ ਲਈ ਉਹ ਸਮੇਂ ਸਮੇਂ ਤੇ ਮੁਖ ਮੰਤਰੀ ਪੰਜਾਬ ਨੂੰ ਮਿਲਕੇ ਸਮਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਫੰਡ ਜਾਰੀ ਕਰਵਾਉਂਦੇ ਰਹਿਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਫਰੀਦਕੋਟ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਪਿੰਡ ਸੁੱਖਣਵਾਲਾ ਵਿਖੇ ਲਗਪਗ 50 ਲਖ ਰੁਪਏ ਦੀ ਲਾਗਤ ਨਾਲ ਪੈਣ ਵਾਲੀਆਂ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਲਈ ਜਮੀਂਦੌਜ ਪਾਈਪਾਂ ਦੀ ਜੇ.ਸੀ.ਬੀ ਮਸ਼ੀਨਾਂ ਰਾਹੀਂ ਸ਼ੁਰੂਆਤ ਕਰਨ ਮੌਕੇ ਕੀਤਾ।ਸ. ਢਿਲੋਂ ਨੇ ਪਿੰਡ ਵਾਸੀਆਂ ਨਾਲ ਚੋਣਾਂ ਸਮੇਂ ਇਹ ਵਾਅਦਾ ਕੀਤਾ ਸੀ ਕਿ ਛਪੜ ਦੇ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਆਦਿ ਕਰਵਾਈ ਜਾਵੇਗੀ। ਉਨ੍ਹਾਂ ਦਸਿਆ ਕਿ ਮਗਨਰੇਗਾ ਅਧੀਨ ਕਰਵਾਏ ਜਾਣ ਵਾਲੇ ਇਸ ਕੰਮ ਤੇ ਲਗਪਗ 50 ਲਖ ਰੁਪਏ ਦੀ ਰਾਸ਼ੀ ਖਰਚ ਹੋਣ ਦਾ ਅਨੁਮਾਨ ਹੈ ਅਤੇ ਇਸ ਨੂੰ ਮਿਥੇ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਅਜ ਇਸ ਦੇ ਕੰਮ ਦੀ ਸ਼ੁਰੂਆਤ ਕਰਵਾ ਕੇ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਹੋਰ ਸਮਸਿਆਵਾਂ ਦੇ ਹਲ ਲਈ ਸਦਾ ਪਿੰਡਵਾਸੀਆਂ ਦੀ ਮਦਦ ਲਈ ਤਤਪਰ ਰਹਿਣਗੇ। ਉਨ੍ਹਾਂ ਦਸਿਆ ਕਿ ਪਿੰਡ ਵੋਸੀਆਂ ਦੀ ਇਹ ਚਿਰੌਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 4 ਕਿਲੋਮੀਟਰ ਲੰਬੀ ਜਮੀਦੌਂਜ ਪਾਈਪਾਂ ਨੂੰ ਇਕ ਛਪੜ ਤੋਂ ਦੂਸਰੇ ਛਪੜ ਤਕ ਅਤੇ ਇਸ ਤੋਂ ਬਾਅਦ ਗੰਦਾ ਸੇਮ ਨਾਲੇ ‘ਚ ਪਵੇਗਾ। ਪਿੰਡ ਵਾਸੀਆਂ ਲਈ ਕਰਵਾਏ ਇਸ ਭਲਾਈ ਕਾਰਜ ਬਦਲੇ ਪਿੰਡ ਨੇ ਸ. ਕੁਸ਼ਲਦੀਪ ਸਿੰਘ ਢਿਲੋਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਰਬਜੀਤ ਸਿੰਘ ਬਰਾੜ, ਨਛਤਰ ਸਿੰਘ, ਟੇਕ ਸਿੰਘ ਸਾਬਕਾ ਸਰਪੰਚ, ਕਿਸ਼ੋਰ ਚੰਦ, ਹਰਨੇਕ ਸਿੰਘ, ਪਵਨ ਸ਼ਰਮਾਂ, ਲਖਵਿੰਦਰ ਸਿੰਘ, ਅਮਰੀਕ ਸਿੰਘ ਗ੍ਰਾਮ ਪੰਚਾਇਤ ਸੁਖਣਵਾਲਾ ਆਦਿ ਹਾਜ਼ਰ ਸਨ।
ਪਿੰਡਾਂ ਦੇ ਵਿਕਾਸ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਕਿੱਕੀ ਢਿੱਲੋਂ



