ਭਗਤਾ ਭਾਈ ਕਾ, 5 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ‘ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ,ਭਗਤਾ ਭਾਈ ਕਾ’ ਵਿਖੇ ਦੂਸਰੇ ਸਲਾਨਾ ਸੱਤ ਰੋਜਾ ਐਨ.ਐਸ.ਐਸ ਕੈਂਪ ਜੋ ਕਿ 2 ਜਨਵਰੀ 2018 ਤੋਂ ਚੱਲ ਰਿਹਾ ਹੈ ਦੇ ਚੌਥੇ ਦਿਨ ਐਨ.ਐਸ.ਐਸ ਯੂਨਿਟ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਮਯੰਕਜੋਤ ਸਿੰਘ, ਬਲੱਡ ਬੈਂਕ, ਸਿਵਲ ਹਸਪਤਾਲ, ਬਠਿੰਡਾ ਨੇ ਸ਼ਿਰਕਤ ਕੀਤੀ।ਪ੍ਰੋ. ਕੋਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਮਯੰਕਜੋਤ ਸਿੰਘ ਨੇ ਖੂਨ ਦਾਨ ਬਾਰੇ ਪ੍ਰਚੱਲਿਤ ਗਲਤ ਫਹਿਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਵਲੰਟੀਅਰਾਂ ਦੇ ਮਨਾਂ ‘ਚੋ ਦੂਰ ਕੀਤਾ।ਪ੍ਰੋ. ਕੋਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਖੂਨਦਾਨ ਕਰਨਾ ਬਹੁਤ ਹੀ ਮਹਾਨ ਕਾਰਜ ਹੈ ਕਿਉਂਕਿ ਖੁਨ ਬਣਾਇਆ ਨਹੀਂ ਜਾ ਸਕਦਾ।ਉਹਨਾਂ ਕਿਹਾ ਕਿ ਹਰ ਸਾਲ ਪੰਜ ਸਾਲ ਕਰੋੜ ਯੂਨਿਟ ਬਲੱਡ ਦੀ ਜਰੂਰਤ ਹੁੰਦੀ ਹੈ ਪਰ ਕੇਵਲ ਢਾਈ ਕਰੋੜ ਯੂਨਿਟ ਬਲੱਡ ਮਿਲਣ ਕਾਰਨ ਕਈ ਮੌਤਾਂ ਹੋ ਜਾਂਦੀਆਂ ਹਨ।ਉਹਨਾਂ ਇਹ ਵੀ ਦੱਸਿਆ ਕਿ ਸਰੀਰ ਵਿਚੋਂ 10 ਯੂਨਿਟ ਬਲੱਡ ਵਿੱਚੋ 1 ਯੂਨਿਟ ਬਲੱਡ ਕੱਢਿਆ ਜਾ ਸਕਦਾ ਹੈ।ਖੁਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ ਤੇ ਕੋਈ ਵੀ ਵਿਅਕਤੀ ਖੂਨ ਦਾਨ ਕਰਨ ਤੋਂ ਤਿੰਨ ਮਹੀਨੇ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ।ਜੇਕਰ ਤੁਸੀ ਖੂਨਦਾਨ ਕਰਨ ਦੇ ਯੋਗ ਹੋ ਤਾਂ ਤੁਸੀ ਭਾਗਾਂ ਵਾਲੇ ਹੋ ਕਿ ਤੁਸੀ ਇੱਕ ਸਿਹਤਮੰਦ ਸਰੀਰ ਦੇ ਮਾਲਕ ਹੋ।ਡਾ. ਮਯੰਕਜੋਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਦਾਨ ਕੀਤੇ ਖੂਨ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ ।ਖੂਨ ਵਿੱਚੋਂ ਰੈਡ ਬਲੱਡ ਸੈਲ,ਵਾਈਟ ਬਲੱਡ ਸੈਲ, ਪਲੇਟਲੈਟਸ ਅਤੇ ਪਲਾਜ਼ਮਾ ਨੂੰ ਵੱਖ ਕੀਤਾ ਜਾਂਦਾ ਹੈ। ਇਹ ਖੁਨ 35 ਦਿਨਾਂ ਦੇ ਅੰਦਰ-ਅੰਦਰ ਜਰੂਰਤਮੰਦ ਮਰੀਜ਼ ਨੂੰ ਦੇ ਦਿੱਤਾ ਜਾਂਦਾ ਹੈ। ਇਸ ਮੌਕੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਆਫਿਸਰ ਪ੍ਰੋ. ਚੰਦਰਦੀਪ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪਿੰਸੀਪਲ ਡਾ ਗੋਬਿੰਦ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਅਤੇ ਕਾਲਜ ਪਹੁੰਚਣ ਤੇ ਧੰਨਵਾਦ ਕੀਤਾ ।ਇਸ ਮੌਕੇ ਕਾਲਜ ਪ੍ਰੋ ਪ੍ਰੀਆ ਬਾਂਸਲ, ਪ੍ਰੋ ਪਾਇਲ ਜਿੰਦਲ ਅਤੇ ਪ੍ਰੋ. ਸੁਪਨਦੀਪ ਕੌਰ ਵੀ ਹਾਜਰ ਸਨ। ਇਸ ਕੈਂਪ ਸਬੰਧੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵਿਦਿਆਰਥੀਆਂ ਤੋਂ ਬਿਨਾਂ ਭਗਤਾ ਭਾਈ ਕਾ ਦੇ ਵਾਸੀਆਂ ਨੇ ਵੀ ਖੂਨਦਾਨ ਕੀਤਾ। ਪ੍ਰੋ. ਹਰਪ੍ਰੀਤ ਕੌਰ,ਪ੍ਰੋ.ਨਾਜਇੰਦਰ ਕੌਰ ਅਤੇ ਪ੍ਰੋ. ਜਗਪ੍ਰੀਤ ਸਿੰਘ ਨੇ ਇਸ ਕੈਂਪ ਦਾ ਆਯੋਜਨ ਕੀਤਾ।