ਸ੍ਰੀ ਮੁਕਤਸਰ ਸਾਹਿਬ, 5 ਜਨਵਰੀ (ਵਿੱਕੀ ਝਾਂਬ)-ਪੰਜਾਬ ਸਰਕਾਰ ਵੱਲੋਂ ਪੜਾਅਵਾਰ ਤਰੀਕੇ ਨਾਲ ਕਿਸਾਨੀ ਕਰਜੇ ਮਾਫ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸੇ ਤਹਿਤ ਪਹਿਲੇ ਫੇਜ਼ ਵਿਚ ਕੇਵਲ ਸਹਿਕਾਰੀ ਬੈਂਕਾਂ ਦੇ ਫਸਲੀ ਕਰਜੇ ਵਾਲੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀਆਂ ਸੂਚੀਆਂ ਹੀ ਤਿਆਰ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਦੱਸਿਆ ਕਿ ਇੰਨ੍ਹਾਂ ਸੂਚੀਆਂ ਵਿਚ ਕੋਈ ਤਰੂਟੀ ਨਾ ਹੋਵੇ ਇਸੇ ਲਈ ਇਤਰਾਜ ਅਤੇ ਦਾਅਵੇ ਲੈਣ ਲਈ ਹੀ ਸਹਿਕਾਰੀ ਬੈਂਕਾਂ ਤੋਂ ਫਸਲੀ ਕਰਜਾ ਲੈਣ ਵਾਲੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀਆਂ ਸੂਚੀਆਂ ਸਾਂਝੀਆਂ ਥਾਂਵਾਂ ਤੇ ਲਗਾਈਆਂ ਗਈਆਂ ਹਨ ਤਾਂ ਜੋ ਜੇਕਰ ਇੰਨ੍ਹਾਂ ਵਿਚ ਕੋਈ ਕਮੀ ਹੋਵੇ ਜਾਂ ਕਿਸੇ ਦਾ ਨਾਂਅ ਸ਼ਾਮਿਲ ਹੋਣ ਤੋਂ ਰਹਿ ਗਿਆ ਹੋਵੇ ਜਾਂ ਕਿਸੇ ਅਯੋਗ ਵਿਅਕਤੀ ਦਾ ਨਾਂਅ ਸ਼ਾਮਿਲ ਹੋਵੇ ਤਾਂ ਉਸ ਬਾਰੇ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰਕ੍ਰਿਆ ਪੂਰੀ ਹੋ ਜਾਣ ਤੇ ਢਾਈ ਏਕੜ ਤੋਂ ਵੱਧ ਖੇਤੀ ਜੋਤ ਵਾਲੇ ਕਿਸਾਨਾਂ ਦੇ ਕੇਸ ਕਰਜ ਮਾਫੀ ਲਈ ਵਿਚਾਰੇ ਜਾਣਗੇ। ਇਸੇ ਤਰਾਂ ਸਹਿਕਾਰੀ ਬੈਂਕਾਂ ਤੋਂ ਇਲਾਵਾ ਦੂਸਰੇ ਵਪਾਰਕ ਬੈਂਕਾਂ ਦੇ ਕਿਸਾਨਾਂ ਦੇ ਫਸਲੀ ਕਰਜਿਆਂ ਦੀਆਂ ਵੀ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਿਸਾਨ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਅਤੇ ਜੇਕਰ ਕਿਸੇ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨ ਜਿਸ ਨੇ ਸਹਿਕਾਰੀ ਬੈਂਕ ਤੋਂ ਫਸਲੀ ਕਰਜ ਲਿਆ ਸੀ ਦਾ ਨਾਂਅ ਪਹਿਲੀ ਸੂਚੀ ਵਿਚ ਨਹੀਂ ਆਇਆ ਤਾਂ ਉਹ ਲਿਖਤੀ ਤੌਰ ਤੇ ਸਬੰਧਤ ਬੈਂਕ ਨੂੰ ਸ਼ਿਕਾਇਤ ਦੇਵੇ। ਜੇਕਰ ਕਿਸੇ ਨੂੰ ਕਿਸੇ ਜਿਆਦਾ ਜਮੀਨ ਵਾਲੇ ਦਾ ਨਾਂਅ ਸੂਚੀ ਵਿਚ ਹੋਣ ਦੀ ਜਾਣਕਾਰੀ ਹੋਵੇ ਤਾਂ ਇਸ ਸਬੰਧੀ ਵੀ ਲਿਖਤੀ ਸੂਚਨਾ ਬੈਂਕ ਵਿਚ ਦਿੱਤੀ ਜਾ ਸਕਦੀ ਹੈ।