May 9, 2026 3:44 pm

ਦੁੱਖ-ਸੁੱਖ ’ਚ ਸੱਚਾ ਸਾਥੀ ਕੌਣ

ਦੋਸਤੋ, ਸਾਡੀ ਜਿੰਦਗੀ ਇਕ ਮੌਸਮ ਦੀ ਤਰ੍ਹਾਂ ਹੈ। ਜੋ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ ਜਾਂ ਕਿਹ ਲਈਏ ਇਕ ਰੁਖ ਦੀ ਤਰਾਂ ਹੈ। ਜਿਵੇਂ ਰੁਖ ਤੋਂ ਪਤਝੜ ਵਿਚ ਪਤੇ ਝੜ ਜਾਂਦੇ ਨੇ ਅਤੇ ਬਸੰਤ ਰੁਤ ਵਿਚ ਉਸੇ ਰੁਖ ਤੇ ਫਿਰ ਪਤੇ ਆ ਜਾਂਦੇ ਨੇ। ਇਸੇ ਤਰਾਂ ਹੀ ਸਾਡੀ ਜ਼ਿੰਦਗੀ ਵਿਚ ਅਨੇਕਾਂ ਪ੍ਰਕਾਰ ਦੇ ਬਦਲਾਅ ਆਉਂਦੇ ਹਨ।ਸਾਡੀ ਜਿੰਦਗੀ ਵਿਚ ਅਨੇਕਾਂ ਪ੍ਰਕਾਰ ਦੇ ਲੋਕਾਂ ਨਾਲ ਮਿਲਾਪ ਹੁੰਦਾ ਹੈ।ਕਈ ਵਾਰ ਤਾਂ ਕਿਸੇ ਸਫਰ ਵਿਚ ਕੁਝ ਪਲ ਲਈ ਕਿਸੇ ਮੁਸਾਫਿਰ ਨਾਲ ਦੋਸਤੀ ਹੋ ਜਾਂਦੀ ਹੈ। ਸੋ ਸਾਡੀ ਜਿੰਦਗੀ ਵਿਚ ਅਨੇਕਾਂ ਦੋਸਤ ਮਿਤਰ ਬਣਦੇ ਨੇ ਅਤੇ ਅਨੇਕਾਂ ਟੁਟਦੇ ਨੇ, ਪਰ ਸਾਡੀ ਪੂਰੀ ਜ਼ਿੰਦਗੀ ਵਿਚ ਕੋਈ ਇਕ ਦੋਸਤ ਹੀ ਸਾਡੇ ਦੁਖ-ਸੁਖ,ਕਿਸੇ ਜਰੂਰਤ ਤੇ ਪੂਰਾ ਸਾਥ ਦਿੰਦਾ ਹੈ। ਪਰ ਅਜ-ਕਲ੍ਹ ਦੀ ਜ਼ਿੰਦਗੀ ਵਿਚ ਤਾਂ ਕਿਸੇ ਇਕ ਦੋਸਤ ਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ ਹੈ। ਵੈਸੇ ਅਜ-ਕਲ੍ਹ ਦੇ ਬਹੁਤੇ ਗੀਤਾਂ ਵਿਚ ਯਾਰਾ-ਦੋਸਤਾਂ ਨੂੰ ਹੀ ਚੇਤੇ ਕੀਤਾ ਜਾਂਦਾ ਹੈ। ਪਹਿਲੇ ਸਮੇਂ ਦੇ ਵਿਚ ਦੋਸਤਾਂ ਨੂੰ ਸਜੀ-ਖਬੀ ਬਾਂਹ ਵੀ ਕਿਹਾ ਜਾਂਦਾ ਸੀ। ਜਿੰਨਾਂ ਮਿਤਰਾਂ ਵਿਚ ਆਪਸੀ ਪਿਆਰ ਜਿਆਦਾ ਹੁੰਦਾ ਸੀ ਉਹ ਇਕ ਦੂਜੇ ਦੇ ਭਰਾ ਬਣ ਜਾਂਦੇ ਸਨ। ਆਪਸ ਵਿਚ ਪਗੜੀ ਵਟਾ ਲੈਂਦੇ ਸਨ। ਜਿੰਨਾਂ ਨੂੰ ਪਗ-ਵਟ ਭਰਾ ਕਿਹਾ ਜਾਂਦਾ ਸੀ। ਪਰ ਅਜ-ਕਲ੍ਹ ਤਾਂ ਸਚੀ ਯਾਰੀ ਦੋਸਤੀ ਕਿਤੇ ਹੀ ਦੇਖਣ ਨੂੰ ਮਿਲਦੀ ਹੈ। ਬਸ ਹੁਣ ਤਾਂ ਯਾਰੀ ਦੋਸਤੀ ਸਿਰਫ ਇਕ ਮਤਲਬ ਤਕ ਹੀ ਰਹਿ ਗਈ ਹੈ। ਜਦੋਂ ਤਕ ਕਿਸੇ ਕੋਲ ਪੈਸਾ ਹੈ, ਤਾਕਤ ਹੈ,ਨਾਮ ਹੈ ਉਦੋਂ ਤਕ ਹਰ ਕੋਈ ਨਾਲ ਰਹਿੰਦਾ ਹੈ ਪਰ ਜਦੋਂ ਇਹ ਸਭ ਕੁਝ ਨਹੀਂ ਰਹਿੰਦਾ ਉਦੋਂ ਸਭ ਸਾਥ ਛਡ ਕੇ ਚਲੇ ਜਾਂਦੇ ਨੇ। ਉਸ ਵਕਤ ਸਿਰਫ ਉਹ ਦੋਸਤ ਹੀ ਨਾਲ ਰਹਿੰਦਾ ਹੈ ਜਿਸ ਨੇ ਸਾਡੇ ਨਾਲ ਦੁਖ ਸੁਖ ਸਾਂਝੇ ਕਰਨੇ ਹੁੰਦੇ ਹਨ। ਪਰ ਜ਼ਿੰਦਗੀ ਹੈ ਹੀ ਔਕੜਾਂ-ਮੁਸੀਬਤਾਂ ਨਾਲ ਭਰੀ ਹੋਈ।ਸੁਖ ਵਿਚ ਤਾਂ ਹਰ ਕੋਈ ਸਾਥ ਦੇਵੇਗਾ। ਪਰ ਦੁਖ ਵਿਚ ਚਾਹੇ ਹੋਰ ਕੋਈ ਸਾਥ ਨਾ ਦੇਵੇ ਪਰ ਮਾਂ-ਪਿਉ ਜ਼ਿੰਦਗੀ ਦੇ ਹਰ ਦੁਖ-ਸੁਖ ਵਿਚ ਸਾਥ ਦਿੰਦੇ ਨੇ। ਚਾਹੇ ਕੋਈ ਭਾਰੀ ਮੁਸੀਬਤ ਕਿਉਂ ਨਾ ਹੋਵੇ। ਚਾਹੇ ਦੋਸਤ ਜਿੰਨਾਂ ਮਰਜੀ ਕਰੀਬ ਹੋਵੇ ਪਰ ਉਹ ਆਪਣੇ ਨਾਲ ਆਪਣੇ ਘਰ ਦੇ ਜੀਆਂ ਦੀ ਤਰਾਂ ਆਪਣੇ ਨਾਲ ਦੁਖ-ਸੁਖ ਨਹੀ ਸਾਂਝਾ ਕਰ ਸਕਦਾ। ਜ਼ਿੰਦਗੀ ਵਿਚ ਸਦਾ ਨਾਲ ਰਹਿਣ ਵਾਲੇ ਸਾਡੇ ਇਕ ਮਾਂ ਪਿਉ ਹੀ ਨੇ। ਅਜ ਦੇ ਜਮਾਨੇ ਦੇ ਵਿਚ ਬਹੁਤੇ ਬਚੇ ਆਪਣੇ ਯਾਰਾਂ ਦੋਸਤਾਂ ਨਾਲ ਮਸਤੀ ਕਰਨ ਲਈ ਉਹਨਾਂ ਤੋ ਪੈਸੇ ਮੰਗਦੇ ਨੇ। ਕੋਈ ਵਸਤੂ ਲੈਣ ਲਈ ਆਪਣੇ ਮਾਂ-ਪਿਉ ਨੂੰ ਤੰਗ ਕਰਦੇ ਨੇ। ਵਿਦੇਸ਼ਾ ਵਿਚ ਕਈ ਬਚੇ 16 ਸਾਲ ਤੋਂ ਬਾਅਦ ਅਲਗ ਹੋ ਜਾਦੇ ਨੇ ਜਿਵੇਂ ਕਿ ਉਹਨਾਂ ਨੂੰ ਜ਼ਿੰਦਗੀ ਦੀ ਪੂਰੀ ਸਮਝ ਆ ਗਈ ਹੋਵੇ। ਕਹਿੰਦੇ ਨੇ ਕਿ ਅਸੀਂ ਹੁਣ ਵਡੇ ਹੋ ਗਏ ਹਾਂ ਅਸੀਂ ਆਪਣੇ ਫੈਸਲੇ ਆਪ ਲੈ ਸਕਦੇ ਹਾਂ। ਹੁਣ ਤਾਂ ਅਜ-ਕਲ੍ਹ ਦੇ ਮੁੰਡੇ ਕੁੜੀਆ ਵਿਆਹ ਵੀ ਆਪਣੀ ਮਰਜ਼ੀ ਨਾਲ ਕਰੋਣ ਲਗ ਗਏ ਹਨ। ਜੇ ਕੋਈ ਉਹਨਾਂ ਦਾ ਮਿਤਰ ਸਜਣ ਉਹਨਾਂ ਨੂੰ ਕੋਈ ਰਾਇ ਦੇਵੇ ਤਾਂ ਉਹ ਬਹੁਤ ਹਦ ਤਕ ਜਲਦੀ ਮੰਨ ਲੈਂਦੇ ਨੇ। ਪਰ ਘਰ ਦੀਆਂ ਦੀ ਦਿਤੀ ਰਾਇ ਅਜ ਦੇ ਜ਼ਮਾਨੇ ਵਿਚ ਕੋਈ ਹੀ ਬਚਾ ਮੰਨਦਾ ਹੈ। ਜ਼ਿਆਦਾ ਬਚੇ ਆਪਣੀ ਮਨ ਮਰਜੀ ਕਰਦੇ ਹਨ। ਜ਼ਿਆਦਾ ਬਚੇ ਆਪਣੇ ਦੋਸਤਾਂ ਕੋਲ ਕਿਸੇ ਵਸਤੂ ਨੂੰ ਦੇਖ ਕੇ ਕਈ ਵਾਰ ਉਹ ਵਸਤੂ ਲੈਣ ਲਈ ਆਪਣੇ ਮਾਂ ਪਿਉ ਨਾਲ ਜਿਦ ਕਰਦੇ ਨੇ ਅਤੇ ਜੇਕਰ ਮਾਂ ਪਿਉ ਕੋਲ ਪੈਸੇ ਨਾਂ ਹੋਣ ਦੀ ਵਜਾ ਕਾਰਨ ਉਸ ਨੂੰ ਇਨਕਾਰ ਕਰ ਦਿੰਦੇ ਨੇ ਜਾਂ ਕੁਝ ਸਮਾਂ ਦੇਰ ਪਾ ਕੇ ਲੈ ਦੇਣ ਨੂੰ ਕਹਿੰਦੇ ਨੇ ਤਾਂ ਬਚੇ ਨਰਾਜ ਹੋ ਜਾਂਦੇ ਨੇ। ਆਪਣੇ ਮਾਂ-ਪਿਉ ਆਪਣੇ ਘਰ ਦੀ ਦਸਾ ਵਲ ਨਹੀਂ ਦੇਖਦੇ ਜਿਦ ਕਰ ਲੈਂਦੇ ਹਨ। ਪਰ ਦੋਸਤੋ, ਆਖਿਰ ਚੰਗਾ ਬਚਾ ਉਹ ਹੀ ਅਖਵਾਉਂਦਾ ਹੈ ਜੋ ਆਪਣੇ ਮਾਂ-ਪਿਉ ਦਾ ਸਤਿਕਾਰ ਕਰਦਾ ਹੈ। ਜ਼ਿੰਦਗੀ ਦੇ ਵਿਚ ਸਾਡੇ ਸਭ ਤੋਂ ਪਹਿਲੇ ਦੋਸਤ ਮਾਂ ਪਿਉ ਹੀ ਹਨ। ਮਾਂ ਪਿਉ ਜੋ ਆਪਣੇ ਬਚਿਆ ਨੂੰ ਪਾਲ-ਪੋਸ ਕੇ ਵਡਾ ਕਰ ਕੇ ਪੜ੍ਹਾ-ਲਿਖਾ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਦੇ ਹਨ। ਜਿੰਮੇਵਾਰ ਬਣਾਉਂਦੇ ਹਨ। ਇਕ ਮਾਪੇ ਜੋ ਚਾਰ ਬਚੇ ਪਾਲ ਸਕਦੇ ਨੇ, ਉਹਨਾਂ ਦਾ ਦੁਖ ਸੁਖ ਸਹਿ ਸਕਦੇ ਨੇ, ਕੀ ਉਹ ਚਾਰ ਬਚੇ ਮਿਲ ਕੇ ਆਪਣੇ ਮਾਂ-ਪਿਉ ਨੂੰ ਨਹੀ ਸੰਭਾਲ ਸਕਦੇ। ਇਹ ਗਲ ਤਾਂ ਤੁਸੀਂ ਆਮ ਹੀ ਸੁਣਦੇ ਹੋਵੋਗੇ ਕਿ ਉਸ ਨੇ ਇੰਨੇ ਬਚੇ ਪਾਲੇ,ਪਰ ਉਸ ਦੇ ਇੰਨੇ ਬਚਿਆਂ ਤੋਂ ਆਪਣੇ ਮਾਂ ਬਾਪ ਨਹੀ ਸੰਭਾਲੇ ਗਏ।ਉਹ ਮਾਂ ਪਿਉ ਜੋ ਆਪਣੇ ਬਚਿਆਂ ਦਾ ਢਿਡ ਪਾਲ ਸਕਦੇ ਨੇ ਕੀ ਉਹ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਹੀ ਦੇ ਸਕਦੇ।
ਜੇ ਉਹਨਾਂ ਬਚਿਆਂ ਨੂੰ ਆਪਣੇ ਮਾਂਪਿਆ ਨਾਲ ਪਿਆਰ ਹੋਵੇ ਤਾ ਉਹ ਉਹਨਾਂ ਨੂੰ ਸੋਨੇ ਦੀ ਤਰ੍ਹਾਂ ਸੰਭਾਲ ਕਰਨ…ਉਹਨਾਂ ਦੀ ਸੋਨੇ ਦੀ ਤਰ੍ਹਾਂ ਰਖਵਾਲੀ ਕਰਨ।ਪਰ ਅਜ ਕਲ੍ਹ ਦੇ ਬਚੇ ਆਪਣੇ ਮਾਂ ਪਿਉ ਨੂੰ ਪੁਰਾਣੀ ਸੋਚ ਦਾ ਠਹਿਰਾਉਂਦੇ ਹਨ।ਆਪਣੇ ਘਰ ਦੇ ਵਡੇ ਬਜੁਰਗ ਭਾਵ ਦਾਦਾ ਦਾਦੀ ਤੋਂ ਦੂਰ ਰਹਿੰਦੇ ਹਨ।ਜੇ ਕੋਈ ਉਹਨਾਂ ਦੇ ਭਲੇ ਦੀ ਖਾਤਰ ਬੋਲਦਾ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਰ ਦਿੰਦੇ ਹਨ ਅਤੇ ਕਹਿ ਦਿੰਦੇ ਹਨ ਕਿ ਇਹਨਾਂ ਨੂੰ ਤਾਂ ਬੋਲਣ ਦੀ ਆਦਤ ਹੈ।ਪਰ ਜ਼ਿੰਦਗੀ ਦੇ ਹਰ ਇਕ ਹਿਸੇ ਤੇ ਦੋਸਤ ਕੰਮ ਨਹੀਂ ਆਉਂਦੇ।ਗੀਤ ਮਾਂ ਦੀਆਂ ਸਿਫਤਾਂ ਤੇ ਵੀ ਬਹੁਤ ਨੇ।ਪਰ ਜੋ ਸਾਰੇ ਘਰ ਨੂੰ ਚਲਾਉਂਦਾ ਹੈ ਉਸ ਪਿਉ ਬਾਰੇ ਕਿਸੇ ਨੂੰ ਖਿਆਲ ਹੀ ਨਹੀ ਹੈ।
ਖ਼ੈਰ ਜ਼ਿੰਦਗੀ ਦੇ ਵਿਚ ਦੋਸਤ ਤਾਂ ਬਹੁਤ ਆਉਂਦੇ ਨੇ।ਪਰ ਉਹਨਾਂ ਵਿਚੋਂ ਖਾਸ 1,2 ਹੀ ਹੁੰਦੇ ਨੇ।ਜ਼ਿੰਦਗੀ ਦੇ ਵਿਚ ਕਿਸੇ ਇਕ ਦੋਸਤ ਨੂੰ ਸਮਝ ਲੈਣਾ ਹੀ ਬਹੁਤ ਹੁੰਦਾ ਹੈ।ਆਪਣੀ ਜਿੰਦਗੀ ਵਿਚ ਦੋਸਤ ਬਣਾਉਣਾ ਕੋਈ ਮਾੜੀ ਗਲ ਨਹੀ ਹੈ।ਦੋਸਤ ਜਰੂਰ ਬਣਾਉ ਪਰ ਆਪਣੇ ਮਾਪਿਆਂ ਆਪਣੇ ਪ੍ਰੀਵਾਰ ਦੀ ਕਦਰ ਵੀ ਜਰੂਰ ਕਰੋ।ਕਿਉਕਿ ਜ਼ਿੰਦਗੀ ਦੇ ਸਭ ਤੋਂ ਪਹਿਲੇ ਦੋਸਤ ਸਾਡੇ ਮਾਂ ਪਿਉ ਹੀ ਹਨ।ਜੇ ਤੁਸੀ ਆਪਣੇ ਮਾਂ ਪਿਉ ਨਾਲ ਦੋਸਤੀ ਨਾ ਨਿਭਾ ਸਕੇ ਤਾਂ ਫਿਰ ਤੁਸੀ ਕੋਈ ਸਚੇ ਦੋਸਤ ਨਹੀ ਹੋ ਸਕਦੇ।ਤੁਹਾਡੀ ਜ਼ਿੰਦਗੀ ਦਾ ਹਰ ਇਕ ਰਿਸ਼ਤਾ ਤੁਹਾਡੇ ਮਾਂ ਪਿਉ ਤੋਂ ਹੀ ਸ਼ੁਰੂ ਹੁੰਦਾ ਹੈ।

Send this to a friend