May 16, 2026 4:54 am

ਪਹਿਲੀ ਕਿਸ਼ਤ ਵਿੱਚ ਜ਼ਿਲ੍ਹਾ ਫਰੀਦਕੋਟ ਦੇ 5000 ਕਿਸਾਨਾਂ ਦਾ 18 ਕਰੋੜ ਰੁਪਏ ਦਾ ਕਰਜ਼ਾ ਹੋਵੇਗਾ ਮੁਆਫ਼ : ਕਿੱਕੀ ਢਿੱਲੋਂ

ਫਰੀਦਕੋਟ, 3 ਜਨਵਰੀ (ਗੁਰਜੀਤ ਰੋਮਾਣਾ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਉਨ੍ਹਾਂ ਦਾ ਫਸਲੀ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ ਜਿਸ ਦੇ ਪਹਿਲੇ ਪੜ੍ਹਾਅ ਦੌਰਾਨ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਕਿਸਾਨ ਮੈਂਬਰਾ ਵਲੋਂ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਫਰੀਦਕੋਟ ਨਾਲ ਲੱਗਦੀਆਂ ਖੇਤੀਬਾੜੀ ਸਭਾਵਾਂ ਪਾਸੋਂ ਫਸਲੀ ਕਰਜਾ ਲਿਆ ਸੀ, ਉਨਾਂ ਵਿਚੋਂ ਨੋਟੀਫਿਕੇਸ਼ਨ ਮੁਤਾਬਿਕ ਅਜਿਹੇ ਕਰੀਬ 17000 ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਡਾਟਾ ਕਰਜ਼ਾ ਮੁਆਫੀ ਲਈ ਤਿਆਰ ਕੀਤਾ ਗਿਆ ਹੈ।ਜਿਸ ਵਿਚ ਸੀਮਾਂਤ ਅਤੇ ਛੋਟੇ ਕਿਸਾਨਾਂ ਦਾ ਸੰਭਾਵਿਤ 61 ਕਰੋੜ ਦਾ ਕਰਜ਼ਾ ਮੁਆਫ ਕੀਤਾ ਜਾਣਾ ਹੈ।ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ੍ਰ.ਕੁਸ਼ਲਦੀਪ ਸਿੰਘ ਢਿਲੋਂ ਨੇ ਦਿੱਤੀ। ਉਨ੍ਹਾਂ ਦਸਿਆ ਕਿ ਯੋਗ ਮੈਂਬਰਾਂ ਵਿਚੋਂ ਕਰੀਬ 15000 ਮੈਂਬਰਾਂ ਦਾ ਡਾਟਾ ਵਿਭਾਗ ਵੱਲੋਂ ਤਿਆਰ ਕੀਤੇ ਗਏ ਆਨਲਾਈਨ ਪੋਰਟਲ ਤੇ ਅੱਪਲੋਡ ਕੀਤਾ ਗਿਆ ਅਤੇ ਕਰੀਬ 1800 ਮੈਂਬਰ ਅਜਿਹੇ ਪਾਏ ਗਏ ਜਿੰਨ੍ਹਾਂ ਦਾ ਅਧਾਰ ਨੰਬਰ ਨਾ ਹੋਣ ਕਰਕੇ ਡਾਟਾ ਅੱਪਲੋਡ ਨਹੀਂ ਕੀਤਾ ਜਾ ਸਕਿਆ।ਅੱਪਲੋਡ ਕੀਤੇ ਗਏ 15000 ਮਂੈਬਰਾਂ ਵਿਚੋਂ ਡਾਟਾ ਅਗੇ ਮਾਲ ਵਿਭਾਗ ਨੂੰ ਪੜਤਾਲ ਲਈ ਭੇਜਿਆ ਗਿਆ ਹੈ।ਜਿਸ ਉਪਰੰਤ ਕਰੀਬ 5000 ਮੈਂਬਰ ਵੈਰੀਫਾਈ ਕੀਤੇ ਗਏ, ਜਿੰਨ੍ਹਾਂ ਦੀਆਂ ਸੂਚੀਆਂ ਸਬੰਧਤ ਪਿੰਡਾਂ ਵਿਚ ਸੋਸ਼ਲ ਆਡਿਟ ਲਈ ਲਗਾਈਆਂ ਗਈਆਂ ਹਨ।ਸ. ਢਿਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਸੋਸ਼ਲ ਆਡਿਟ ਵਿਚ ਪ੍ਰਾਪਤ ਹੋਏ ਇਤਰਾਜਾਂ ਉਪਰੰਤ ਯੋਗ ਪਾਏ ਗਏ ਮੈਂਬਰਾਂ ਨੂੰ ਇਸ ਪਹਿਲੀ ਕਿਸ਼ਤ ਵਿੱਚ ਕਰਜ਼ਾ ਮੁਆਫੀ ਦੀ ਰਾਹਤ ਦਿਤੀ ਜਾ ਰਹੀ ਹੈ।ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਿਹੜੇ ਮੈਂਬਰ ਅਜੇ ਪਹਿਲੀ ਸੂਚੀ ਵਿੱਚ ਸ਼ਾਮਲ ਨਹੀਂ ਹੋਏ ਹਨ, ਉਨ੍ਹਾਂ ਦੇ ਨਾਮ ਪੰਜਾਬ ਸਰਕਾਰ ਵਲੋਂ ਅਗਲੀਆਂ ਆਉਣ ਵਾਲੀਆਂ ਸੂਚੀਆਂ ਵਿੱਚ ਜਰੂਰ ਸ਼ਾਮਿਲ ਕੀਤੇ ਜਾਣਗੇ, ਕਿਉਂਕਿ ਇਹ ਕੰਮ ਵਖ-ਵਖ ਪੜਾਂਵਾਂ ਵਿਚ ਹੋਵੇਗਾ। ਇਸ ਤੋਂ ਬਿਨ੍ਹਾਂ ਉਨ੍ਹਾਂ ਵਲੋਂ ਅਪੀਲ ਕੀਤੀ ਗਈ ਕਿ ਜਿਹੜੇ ਮੈਂਬਰਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਹ ਤੁਰੰਤ ਆਪਣੇ ਆਧਾਰ ਕਾਰਡ ਬਣਵਾ ਕੇ ਸਭਾ/ਬੈਂਕ ਨੂੰ ਦੇਣ ਤਾਂ ਜੋ ਉਹ ਕਰਜ਼ਾ ਮੁਆਫੀ ਤੋਂ ਵਾਂਝੇ ਨਾ ਰਹਿ ਜਾਣ। ਇਸ ਸਮੇਂ ਸਰਕਾਰ ਵਲੋਂ ਪਹਿਲੀ ਕਿਸ਼ਤ ਵਿਚ ਜਿਲ੍ਹਾ ਫਰੀਦਕੋਟ ਦੇ ਕਰੀਬ 5000 ਮੈਂਬਰਾਂ ਦਾ ਲਗਭਗ 18 ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਜਾ ਰਿਹਾ ਹੈ।

Send this to a friend