ਅੰਮ੍ਰਿਤਸਰ, 3 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਅਜ ਨਮੋਸ਼ੀ ਕਾਰਨ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਗੌਰਤਲਬ ਹੈ ਕਿ ਇੰਦਰਪ੍ਰੀਤ ਸਿੰਘ ਚੀਫ ਖਾਲਸਾ ਦਿਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਠਾ ਦੇ ਬੇਟੇ ਅਤੇ ਸੁਸਾਇਟੀ ਦੇ ਮੈਂਬਰ ਵੀ ਸਨ। ਚੱਠਾ ਦੇ ਨਾਲ-ਨਾਲ ਇੰਦਰਪ੍ਰੀਤ ਨੂੰ ਵੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪਿਆ ਸੀ। ਇੰਦਰਪ੍ਰੀਤ ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਉਪ ਪ੍ਰਧਾਨ ਵੀ ਰਹੇ ਹਨ। ਚਾਰ ਦਿਨ ਪਹਿਲਾਂ ਦਰਜ ਹੋਏ ਕੇਸ ਵਿੱਚ ਇੰਦਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਅਤੇ ਉਹ ਮੰਗਲਵਾਰ ਨੂੰ ਪੁਲਿਸ ਸਾਹਮਣੇ ਤਫਤੀਸ਼ ਲਈ ਪੇਸ਼ ਵੀ ਹੋਏ ਸਨ। ਲੋਕਲ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਰੋਡ ’ਤੇ ਆਪਣੀ ਟੋਇਟਾ ਫਾਰਚਿਊਨਰ ਗੱਡੀ ਵਿੱਚ ਆਪਣੇ ਆਪ ਨੂੰ ਗੋਲੀ ਮਾਰੀ ਹੈ।