ਪਾਕਿਸਤਾਨ ਨੇ ਦੋਹਰੀ ਖੇਡ ਖੇਡੀ : ਅਮਰੀਕੀ ਰਾਜਦੂਤ ਨਿੱਕੀ ਹੈਲੀ
ਵਾਸ਼ਿੰਗਟਨ, 3 ਜਨਵਰੀ- ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 255 ਮਿਲੀਅਨ ਡਾਲਰ ਦੀ ਫੌਜੀ ਮਦਦ ਰੋਕੇ ਜਾਣ ਦੇ ਇਕ ਦਿਨ ਬਾਅਦ ਅੱਜ ਵਾਈਟ ਹਾਊਸ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪਾਕਿਸਤਾਨ ਖਿਲਾਫ ਅਗਲੀ ਕਾਰਵਾਈ 24 ਤੋਂ 48 ਘੰਟਿਆਂ ਵਿਚ ਐਲਾਨ ਦਿਤੀ ਜਾਵੇਗੀ।ਯੂ.ਐਸ. ਪ੍ਰੈਸ ਸਕਤਰ ਸਾਰਾਹ ਸੈਂਡਰ ਨੇ ਕਿਹਾ ਕਿ ਵਾਸ਼ਿੰਗਟਨ ਵਲੋਂ ਇਸਲਾਮਾਬਾਦ ਖਿਲਾਫ ਚੁਕੇ ਜਾ ਰਹੇ ਕਦਮ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਦਖਣੀ ਏਸ਼ੀਆਈ ਨੀਤੀ ਦਾ ਇਕ ਹਿੱਸਾ ਹੈ, ਜੋ ਪਿਛਲੇ ਸਾਲ ਐਲਾਨੀ ਗਈ ਸੀ।
ਇਸ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਨੂੰ ਬੰਦ ਕਰਨ ਲਈ ਤਿਆਰ ਹਨ, ਕਿਉਂਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਆ ਰਿਹਾ ਹੈ।ਹੈਲੀ ਦੇ ਬਿਆਨ ਤੋਂ ਪਹਿਲਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ‘ਝੂਠਾ ਤੇ ਬੇਈਮਾਨ’ ਦਸਿਆ ਸੀ ਤੇ ਕਿਹਾ ਸੀ ਕਿ 33 ਬਿਲੀਅਨ ਡਾਲਰ ਲੈਣ ਦੇ ਬਾਵਜੂਦ ਪਾਕਿਸਤਾਨ ਬੀਤੇ 15 ਸਾਲਾਂ ਤੋਂ ਅਤਵਾਦੀਆਂ ਲਈ ਸੁਰਖਿਅਤ ਪਨਾਹਗਾਹ ਬਣਿਆ ਹੋਇਆ ਹੈ। ਨਿਕੀ ਹੈਲੀ ਨੇ ਸੰਯੁਕਤ ਰਾਸ਼ਟਰ ਹੈਡਕੁਆਟਰ ’ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਸਾਲਾਂ ਤੋਂ ਦੋਹਰੀ ਖੇਡ ਖੇਡਦਾ ਆ ਰਿਹਾ ਹੈ, ਇਕ ਪਾਸੇ ਤਾਂ ਪਾਕਿਸਤਾਨ ਸਾਡੇ ਲਈ ਕੰਮ ਕਰ ਰਿਹਾ ਹੈ ਤੇ ਦੂਜੇ ਪਾਸੇ ਅਮਰੀਕੀ ਫੌਜੀਆਂ ’ਤੇ ਅਫਗਾਨਿਸਤਾਨ ’ਚ ਅਤਵਾਦੀਆਂ ਹਥੋਂ ਹਮਲੇ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਹ ਦੋਗਲੀ ਚਾਲ ਹੁਣ ਨਹੀਂ ਚਲੇਗੀ।