May 16, 2026 12:20 pm

ਗੁ. ਬਾਬਾ ਜੀਵਨ ਸਿੰਘ ਜੀ ਮੱਝੂਪੁਰਾ ਵਿਖੇ ਪ੍ਰਭਾਵਸ਼ਾਲੀ ਸ਼ਹੀਦੀ ਸਮਾਰੋਹ ਆਯੋਜਿਤ

ਅੰਮ੍ਰਿਤਸਰ, 2 ਜਨਵਰੀ (ਸ਼ਰਤ ਵਸ਼ਿਸਟ)-ੂਇੱਥੋਂ ਥੋੜੀ ਦੂਰੀ ਤੇ ਸਥਿਤ ਪਿੰਡ ਮੱਝੂਪੁਰਾ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸਰਬ ਸਾਂਝਾਂ ਰੰਘਰੇਟਾ ਦਲ ਰਜਿ. ਦੇ ਵੱਲੋਂ ਦਲ ਦੀ ਸੂਬਾਈ ਚੇਅਰਪਰਸਨ ਮਾਤਾ ਕਰਤਾਰ ਕੌਰ ਗਿੱਲ ਦੀ ਅਗੁਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਇਲਾਕੇ ਦੀਆਂ ਸਮੂਹ ਸਾਥ-ਸੰਗਤਾਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਸ਼ਹੀਦ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੇ ਦੌਰਾਨ ਸਿੱਖ ਪੰਥ ਦੇ ਮਹਾਨ ਢਾਡੀਆਂ, ਰਾਗੀਆਂ ਤੇ ਕਵਿਸ਼ਰੀ ਜੱਥਿਆਂ ਦੇ ਵੱਲੋਂ ਸਿੱਖ ਗੁਰੂਆਂ ਦੇ ਕੁਰਬਾਨੀਆਂ ਭਰੇ ਸੁਨਿਹਰੀ ਇਤਿਹਾਸ ਦੀ ਗਾਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜਦੋਂ ਕਿ ਵੱਖ-ਵੱਖ ਬੁੱਧੀਜੀਵੀ ਵਰਗ ਨਾਲ ਸੰਬੰਧਤ ਬੁਲਾਰਿਆਂ ਦੇ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਦੀ ਜੀਵਨ ਸ਼ੈਲੀ ਤੇ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਬ ਸਾਂਝਾ ਰੰਘਰੇਟਾ ਦਲ ਦੀ ਸੂਬਾਈ ਚੇਅਰਪਰਸਨ ਮਾਤਾ ਕਰਤਾਰ ਕੌਰ ਗਿੱਲ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਰਹਿੰਦੀ ਦੁਨੀਆ ਤੱਕ ਸਦੀਵੀਂ ਜਿਉਂਦਾ ਰੱਖਣ ਲਈ ਅਜਿਹੇ ਪ੍ਰ੍ਰੋਗ੍ਰਾਮਾ ਦਾ ਆਯੋਜਨ ਸਮੇਂ ਦੀ ਲੋੜ ਹੈ। ਇਸ ਲਈ ਸਾਨੂੰ ਸਿੱਖ ਹੋਣ ਦੇ ਨਾਤੇ ਇਸ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਦਲ ਦੇ ਬੁਲਾਰੇ ਭਾਈ ਗੁਰਿੰਦਰ ਸਿੰਘ ਸਾਬੀ ਗਿੱਲ ਵੱਲੋਂ ਆਈਆਂ ਸੰਗਤਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਗੁਰੂ ਘਰ ਦੇ ਅਨਿਨ ਸੇਵਕ ਐਸ.ਡੀ.ਓ. ਰਾਜਕੁਮਾਰ, ਈ.ਟੀ.ਓ. ਲਖਬੀਰ ਸਿੰਘ, ਜੱਥੇਦਾਰ ਪ੍ਰਗਟ ਸਿੰਘ, ਜੱਥੇਦਾਰ ਬਲਵਿੰਦਰ ਸਿੰਘ, ਜੱਥੇਦਾਰ ਰਾਮ ਸਿੰਘ, ਬਾਬਾ ਬਲਵਿੰਦਰ ਸਿੰਘ ਜੰਡਿਆਲਾ, ਅਜੈਪਾਲ ਸਿੰਘ ਬੋਪਾਰਾਏ, ਗੁਲਸ਼ਨ ਹੰਸ, ਬਲਵਿੰਦਰ ਸਿੰਘ ਪੱਪੂ, ਮੁਖਤਾਰ ਸਿੰਘ ਮੁੱਖਾ, ਬਾਬਾ ਦਰਸ਼ਨ ਸਿੰਘ, ਬਾਬਾ ਸਿਤਾਰਾ ਸਿੰਘ, ਬਾਬਾ ਸੁਖਦੇਵ ਸਿੰਘ, ਗੁਰਦੀਪ ਸਿੰਘ ਵਿਛੋਆ ਤੇ ਭਾਈ ਨਿਰਮਲ ਸਿੰਘ ਜੇਠੂਵਾਲ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰੂ ਅਤੁੱਟ ਲੰਗਰ ਵੀ ਵਰਤਾਏ ਗਏ।

Send this to a friend