ਅਮਲੋਹ, 2 ਜਨਵਰੀ (ਰਣਜੀਤ ਸਿੰਘ ਘੁੰਮਣ)-ਦੇਸ਼ ਭਗਤ ਗਲੋਬਲ ਸਕੂਲ ਵਿਖੇ ਨਵੇਂ ਸਾਲ 2018 ਦੇ ਪਹਿਲੇ ਅਕਾਦਮਿਕ ਦਿਨ ਵਿਦਿਆਰਥੀਆਂ ਵਿਚ ਨਵੀਂ ਉੂਰਜਾ ਦਾ ਸੰਚਾਰ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ।
ਇਸ ਦੌਰਾਨ ਕੀਰਤਨੀ ਜੱਥੇ ਨੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ ਨੇ ਮੱਥਾ ਟੇਕਿਆ । ਉਨ੍ਹਾਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਡਾਇਰੈਕਟਰ ਡਾ. ਕੁਲਭੂਸ਼ਨ, ਡਾ. ਸੁਰਜੀਤ ਪਥੇਜਾ ਅਤੇ ਵੱਖ-ਵੱਖ ਫੈਕਲਟੀਆਂ ਦੇ ਡਾਇਰੈਕਟਰ ਵੀ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਵਿਨੋਦ ਕੁਮਾਰ ਸ਼ਰਮਾ ਨੇ ਸਕੂਲ ਵਲੋਂ ਵਿਦਿਆਰਥੀਆਂ ਦੀ ਬੇਹਤਰੀ ਲਈ ਚੁੱਕੇ ਜਾਣ ਵਾਲੇ ਅਹਿਮ ਕਦਮਾਂ ਦੀ ਜਾਣਕਾਰੀ, ਸਕੂਲ ਵਿਚ ਪੜ੍ਹਾਈ ਲਈ ਵਰਤੀਆਂ ਜਾ ਰਹੀਆਂ ਆਧੁਨਿਕ ਤਕਨੀਕਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ਤੇ ਹੈਲਥ ਐਂਡ ਨਯੁਟ੍ਰੀਸ਼ਨ ਵਿਸ਼ੇ ਉਪਰ ਲੈਕਚਰ ਕਰਵਾਇਆ ਗਿਆ। ਲੈਕਚਰ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਖ਼ੁਰਾਕ ਵਿਚ ਫ਼ਲਾਂ, ਸਬਜ਼ੀਆਂ, ਮੋਟਾ ਅਨਾਜ ਅਤੇ ਡਰਾਈ ਫਰੂਟਸ ਨੂੰ ਸ਼ਾਮਿਲ ਕਰਨ ਅਤੇ ਇਨ੍ਹਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਪੂਰੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਡੂੰਘੀ ਰੁਚੀ ਦਿਖਾਈ।