May 15, 2026 6:47 pm

ਭਾਰੀ ਵਾਹਨਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣਾ ਜਾਰੀ-ਪ੍ਰਸ਼ਾਸ਼ਨ ’ਤੇ ਪੁਲਿਸ ਬਣੇ ਮੂਕ ਦਰਸ਼ਕ

ਰਾਮਪੁਰਾ ਫੂਲ, 2 ਜਨਵਰੀ (ਮਨਪ੍ਰੀਤ ਗਿੱਲ ਸਿੰਘ)- ਰਾਮਪੁਰਾ ਕੋਟੜਾ ਲਿੰਕ ਰੋਡ ’ਤੇ ਭਾਰੀ ਵਾਹਨਾਂ ਦਾ ਗੁਜਰਨਾ ਲਗਾਤਾਰ ਜਾਰੀ ਹੈ ਅਤੇ ਇਨਾਂ ਵਾਹਨਾਂ ਵਲੋਂ ਹੁਣ ਪੁਲੀਸ ਦੀ ਨੱਕ ਹੇਠ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੌੜ-ਰਾਮਪੁਰਾ ਰੋਡ ‘ਤੇ ਭਾਵੇਂ ਪੁਲੀਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਪਰ ਉਹ ਸਿਰਫ ਮੂਕ ਦਰਸਕ ਬਣੇ ਹੋਏ ਹਨ ਅਤੇ ਭਾਰੀ ਵਾਹਨਾਂ ਨੂੰ ਰੋਕਣ ਦਾ ਪੁਲੀਸ ਮੁਲਾਜਮਾਂ ਵਲੋਂ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਜਿਕਰਯੋਗ ਹੈ ਕਿ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇ ‘ਤੇ ਰਾਮਪੁਰਾ ਫੂਲ ਵਿਖੇ ਰੇਲਵੇ ਕ੍ਰਾਸਿੰਗ ’ਤੇ ਓਵਰਬ੍ਰਿਜ ਦੇ ਨਿਰਮਾਣ ਦਾ ਕੰਮ ਚੱਲਦੇ ਹੋਣ ਕਾਰਨ ਨੈਸ਼ਨਲ ਹਾਈਵੇ ਦਾ ਸਿੱਧਾ ਰਾਹ ਬੰਦ ਹੋ ਗਿਆ ਹੈ ਜਿਸ ਕਾਰਨ ਲੋਕ ਨਿਰਮਾਣ ਵਿਭਾਗ ਵੱਲੋਂ ਆਸ-ਪਾਸ ਦੇ ਪਿੰਡਾਂ ਵਿਚ ਦੀ ਲੰਘ ਕੇ ਐਨ.ਐਚ. 7 ‘ਤੇ ਪਹੁੰਚਣ ਦੇ ਰੂਟ ਦਿੱਤੇ ਗਏ ਸਨ। ਜਿਸ ਸਬੰਧੀ 16 ਦਸੰਬਰ ਨੂੰ ਵੱਖ-ਵੱਖ ਅਖਬਾਰਾਂ ਵਿਚ ਦਿੱਤੇ ਨੋਟੀਫਿਕੇਸ਼ਨ ਦੇ ਇਸ਼ਤਿਹਾਰ ਮੁਤਾਬਿਕ ਬਰਨਾਲਾ ਸਾਈਡ ਤੋਂ ਬਠਿੰਡਾ ਜਾਣ ਲਈ ਹਲਕੇ ਵਾਹਨਾਂ ਦਾ ਰੂਟ ਰਾਮਪੁਰਾ ਤੋਂ ਵਾਇਆ ਕੋਟੜਾ ਕੌੜਾ ਤੇ ਲਹਿਰਾ ਧੂਰਕੋਟ ਹੋ ਕੇ ਮੁੱਖਮਾਰਗ ‘ਤੇ ਪਹੁੰਚਣਾ ਸੀ ਅਤੇ ਭਾਰੀ ਵਾਹਨਾਂ ਲਈ ਬਠਿੰਡਾ ਜਾਣ ਦਾ ਰੂਟ ਮੌੜ ਮੰਡੀ ਵਿਚ ਦੀ ਸੀ। ਪੰਜਾਬ ਟਾਇਮਜ਼ ‘ਚ ਖਬਰ ਪ੍ਰਕਾਸਿਤ ਹੋਣ ਪਿੱਛੋਂ ਕੋਟੜਾ ਰੋਡ ਤੋਂ ਭਾਰੀ ਵਾਹਨਾਂ ਨੂੰ ਰੋਕਣ ਲਈ ਭਾਵੇਂ ਇਥੇ ਪੁਲੀਸ ਮੁਲਾਜਮ ਤੈਨਾਤ ਕੀਤੇ ਗਏ ਸਨ ਪਰ ਦੋ ਦਿਨ ਸਹੀ ਡਿਊਟੀ ਨਿਭਾਉਣ ਮਗਰੋਂ ਹੁਣ ਉਹ ਵੀ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਬੇਵੱਸ ਹੋ ਗਏ ਹਨ ਅਤੇ ਜਿਲਾ ਪ੍ਰਸਾਸਨ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕੋਟੜਾ ਕੌੜਾ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਪਾਲਾ ਨੇ ਕਿਹਾ ਕਿ ਭਾਰੀ ਵਾਹਨਾਂ ਕਾਰਨ ਸੜਕ ਨਾਲੀਆਂ, ਪੁਲੀਆਂ ਟੁੱਟ ਗਈਆਂ ਹਨ ।ਇਸ ਬਾਰੇ ਸਦਰ ਰਾਮਪੁਰਾ ਥਾਣੇ ਦੇ ਐਸ.ਐਚ.ਓ. ਬਿੱਕਰ ਸਿੰਘ ਨੇ ਕਿਹਾ ਕਿ ਉਨਾਂ ਮੁਲਾਜਮਾਂ ਦੀ ਡਿਊਟੀ ਲਗਾਈ ਹੈ ਅਤੇ ਉਹ ਚੈਕਿੰਗ ਕਰਨਗੇ ਕਿ ਮੁਲਾਜਮ ਸਹੀ ਤਰਾਂ ਨਾਲ ਡਿਊਟੀ ਨਿਭਾਉਣ। ਉਨਾਂ ਇਹ ਵੀ ਕਿਹਾ ਕਿ ਟ੍ਰੈਫਿਕ ਪੁਲੀਸ ਅਤੇ ਪਟੇਲ ਕੰਪਨੀ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਮੱਸਿਆ ਆ ਰਹੀ ਹੈ।

Send this to a friend