May 17, 2026 12:33 pm

ਕਾਂਗਰਸ ਵੱਲੋਂ ਮਾਘੀ ਮੇਲੇ ’ਤੇ ਸਿਆਸੀ ਕਾਨਫਰੰਸ ਨਾ ਕਰਨ ਦਾ ਐਲਾਨ

ਸੁਨੀਲ ਜਾਖੜ ਵੱਲੋਂ ਬਾਕੀ ਪਾਰਟੀਆਂ ਨੂੰ ਅਜਿਹੇ ਮੌਕਿਆਂ ’ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਅਪੀਲ

ਚੰਡੀਗੜ੍ਹ, 30 ਦਸੰਬਰ- ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਮੁਕਤਸਰ ਦੇ ਮਾਘੀ ਮੇਲੇ ’ਤੇ ਵੀ ਕਾਂਗਰਸ ਕੋਈ ਸਿਆਸੀ ਕਾਨਫਰੰਸ ਨਹੀਂ ਕਰੇਗੀ। ਇਸ ਤੋਂ ਪਹਿਲਾਂ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਫਤਿਹਗੜ੍ਹ ਸਾਹਿਬ ਵਿਖੇ ਵੀ ਸਿਆਸੀ ਕਾਨਫਰੰਸ ਨਹੀਂ ਕੀਤੀ ਸੀ। ਕਾਂਗਰਸ ਨੇ ਸਿਆਸੀ ਕਾਨਫਰੰਸ ਨਾ ਕਰਨ ਦੀ ਪਹਿਲ ਕਰਦੇ ਹੋਏ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਮੇਲਿਆਂ ਵਿਚ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਆਦੇਸ਼ ਆਏ ਸਨ ਕਿ ਰਾਜਨੀਤਿਕ ਪਾਰਟੀਆਂ ਨੂੰ ਇਹਨਾਂ ਮੇਲਿਆਂ ਵਿਚ ਸਿਆਸੀ ਕਾਨਫਰੰਸਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਇਸ ਲਈ ਕਾਂਗਰਸ ਪਾਰਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਮਾਘੀ ਮੇਲੇ ਵਿਚ ਕੋਈ ਸਟੇਜ਼ ਨਹੀਂ ਲਗਾਏਗੀ ਅਤੇ ਨਾ ਹੀ ਕੋਈ ਸਿਆਸੀ ਕਾਨਫਰੰਸ ਕਰੇਗੀ।
ਇਸ ਦੌਰਾਨ ਸੁਨੀਲ ਜਾਖੜ ਨੇ ਬਾਕੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਮੌਕਿਆਂ ਦੌਰਾਨ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ।ਇੱਥੇ ਜ਼ਿਕਰਯੋਗ ਹੈ ਕਿ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਅੰਮ੍ਰਿਤਸਰ ਅਕਾਲੀ ਦਲ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਨੇ ਸਿਆਸੀ ਕਾਨਫਰੰਸ ਨਹੀਂ ਕੀਤੀ। ਇਸ ਸਬੰਧੀ ਸੰਗਤ ਵੱਲੋਂ ਦਬਾਅ ਪਾਏ ਜਾਣ ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ’ਚ ਹੋਣ ਵਾਲੇ ਸ਼ਹੀਦੀ ਜੋੜ ਮੇਲ ਦੌਰਾਨ ਲਗਣ ਵਾਲੀਆਂ ਸਿਆਸੀ ਕਾਨਫਰੰਸਾਂ ‘ਤੇ ਪਾਬੰਦੀ ਲਾ ਦਿੱਤੀ ਸੀ। ਇਸ ਆਦੇਸ਼ ਪਿੱਛੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪਣੀਆਂ ਸਿਆਸੀ ਕਾਨਫਰੰਸਾਂ ਰੱਦ ਕਰ ਦਿੱਤੀਆਂ ਸਨ। ਹੁਣ ਮੁਕਤਸਰ ਦੇ ਪ੍ਰਸਿੱਧ ਮਾਘੀ ਮੇਲੇ ਮੌਕੇ ਵੀ ਅਜਿਹੇ ਹਾਲਾਤ ਬਣਦੇ ਜਾਪ ਰਹੇ ਹਨ। ਕਾਂਗਰਸ ਵੱਲੋਂ ਪਹਿਲ ਕਰਨ ਨਾਲ ਦੂਸਰੀਆਂ ਸਿਆਸੀ ਪਾਰਟੀਆਂ ਉਪਰ ਵੀ ਆਪਣੀਆਂ ਸਿਆਸੀ ਕਾਨਫਰੰਸਾਂ ਰੱਦ ਕਰਨ ਦਾ ਦਬਾਅ ਬਣ ਗਿਆ ਹੈ। ਮੁਕਤਸਰ ਦੀ ਸਿਆਸੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਲਈ ਖਾਸ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਪਾਰਟੀ ਦੀ ਅਗਵਾਈ ਕਰ ਰਿਹਾ ਬਾਦਲ ਪਰਿਵਾਰ ਇਸ ਖੇਤਰ ਨਾਲ ਹੀ ਸਬੰਧਿਤ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕੋਈ ਨਿਰਣਾ ਲਿਆ ਜਾਣਾ ਹੈ।

Send this to a friend