ਭਵਾਨੀਗੜ੍ਹ, 29 ਦਸੰਬਰ (ਕ੍ਰਿਸ਼ਨ ਗਰਗ)-ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ (ਭਵਾਨੀਗੜ੍ਹ) ਵਿਖੇ ਪਹੁੰਚਣ ਵਾਲੇ ਵਿਸ਼ਾਲ ਨਗਰ ਕੀਰਤਨ ਦਾ ਪਿੰਡ ਮਾਝੀ ਦੇ ਬੱਸ ਸਟੈਂਡ ਤੇ ਸੰਗਰੂਰ ਜਿਲ੍ਹੇ ਦੀ ਹੱਦ ਵਿਚ ਪ੍ਰਵੇਸ ਹੋਣ ਸਮੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਇਲਾਕੇ ਦੀ ਸਿੱਖ ਸੰਗਤ ਨੇ ਸਵਾਗਤ ਕੀਤਾ। ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਭਾਦਸੋਂ, ਨਾਭਾ, ਘਨੁੜਕੀ, ਬਖਤੜੀ, ਬਖੋਪੀਰ, ਦਿਆਲਪੁਰਾ, ਕਾਕੜਾ, ਭਵਾਨੀਗੜ੍ਹ ਵਿਖੇ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋਅਰਖ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦਾ ਥਾਂ-ਥਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀ, ਢਾਡੀ, ਕਵਿਸ਼ਰੀ ਜੱਥੇ ਅਤੇ ਕੀਰਤਨ ਜਥਿਆਂ ਨੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਲਾਸਾਨੀ ਕੁਰਬਾਨੀਆਂ ਦੀ ਦੁਨੀਆਂ ਦੇ ਇਤਿਹਾਸ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨੌਜਵਾਨ ਪੀੜੀ ਨੂੰ ਇਨ੍ਹਾਂ ਕੁਰਬਾਨੀਆਂ ਤੋਂ ਪ੍ਰੇਣਾ ਲੈ ਕੇ ਗੁਰਬਾਣੀ ਅਤੇ ਗੁਰੂ ਦੇ ਸਿਧਾਤਾਂ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰਮੱਲ ਜੀ ਨੇ ਸਾਹਿਬਜਾਦਿਆਂ ਦੇ ਅੰਤਮ ਸਸਕਾਰ ਲਈ ਮਹਿੰਗੇ ਭਾਅ ਦੀ ਥਾਂ ਖਰੀਦ ਕੇ ਸਿੱਖ ਇਤਿਹਾਸ ਵਿਚ ਨਵੇਕਲਾ ਅਸਥਾਨ ਗ੍ਰਹਿਣ ਕਰ ਲਿਆ। ਇਸ ਮੌਕੇ ਗੁਰਦੁਆਰਾ ਕਮੇਟੀ ਆਲੋਅਰਖ ਦੇ ਪ੍ਰਧਾਨ ਗੁਰਦਿੱਤ ਸਿੰਘ ਆਲੋਅਰਖ, ਸ਼ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ, ਚਿਮਨਦੀਪ ਸਿੰਘ ਮਿਲਖੀ, ਭੂਰਾ ਫੱਗੂਵਾਲਾ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਹਰਵਿੰਦਰ ਸਿੰਘ ਕਾਕੜਾ, ਨਰਿੰਦਰਜੀਤ ਸਿੰਘ ਮੈਨੇਜਰ, ਇੰਦਰਜੀਤ ਸਿੰਘ ਤੂਰ, ਦਵਿੰਦਰ ਸਿੰਘ ਸਰਪੰਚ, ਬਲਦੇਵ ਸਿੰਘ ਨੰਬਰਦਾਰ ਸਮੇਤ ਭਾਰੀ ਸੰਗਤਾਂ ਹਾਜਰ ਸਨ।