ਤਪਾ ਮੰਡੀ, 16 ਜਨਵਰੀ (ਮਨਪ੍ਰੀਤ)-ਸਥਾਨਿਕ ਦਰਾਜ ਰੋਡ ’ਤੇ ਝੁੱਗੀਆਂ-ਝੌਪੜੀਆਂ ਵੱਲ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਵਾਕਿਆ ਹੀ ਦੇਸ਼ ਤਰੱਕੀ ਦੀ ਰਾਹ ’ਤੇ ਹੈ? ਪਰ ਸੱਚ ਤਾਂ ਇਹ ਹੈ ਕਿ ਅਜੇ ਵੀ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਵੀ ਪੂਰੀਆਂ ਨਹੀਂ ਹੋ ਸਕੀਆਂ। ਲੋਕਾਂ ਨੇ ਦੱਸਿਆ ਕਿ ਗ਼ਰੀਬੀ ਕਾਰਨ ਉਨ੍ਹਾਂ ਦਾ ਜੀਵਨ ਪੱਧਰ ਅੱਜ ਤੱਕ ਨਹੀਂ ਸੁਧਰ ਸਕਿਆ ਅਤੇ ਉਹ ਗੰਦਗੀ ’ਚ ਰਹਿਣ ਲਈ ਮਜ਼ਬੂਰ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਲੋਕਾਂ ਤੱਕ ਅੱਜ ਤੱਕ ਸਰਕਾਰੀ ਸਕੀਮਾਂ ਦੀ ਪਹੁੰਚ ਹੀ ਨਹੀਂ ਹੋ ਸਕੀ, ਜੋ ਇਨ੍ਹਾਂ ਦਾ ਜੀਵਨ ਪੱਧਰ ਉ¤ਚਾ ਚੁੱਕ ਸਕਦੀਆਂ ਸਨ। ਇਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੇ ਅੱਜ ਤੱਕ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ। ਘਰ-ਘਰ ਸਿੱਖਿਆ ਤੇ ਸਿਹਤ ਸਹੂਲਤਾਂ ਪਹੁੰਚਾਉਣ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਸਾਹਮਣੇ ਇਹ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ, ਜਿਸ ਕਾਰਨ ਆਪ ਅਨਪੜ੍ਹ ਹੋਣ ਕਾਰਨ ਇਨ੍ਹਾਂ ਦੇ ਬੱਚੇ ਵੀ ਸਿੱਖਿਆ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ ਤੇ ਵਿਹਲੇ ਕੂੜਾ-ਕਰਕਟ ਇਕੱਠਾ ਕਰਕੇ ਜਾਂ ਢਾਬਿਆਂ, ਹੋਟਲਾਂ, ਦੁਕਾਕਾਂ ਤੇ ਲੋਕਾਂ ਦੇ ਘਰਾਂ ਵਿੱਚ ਬਾਲ ਮਜ਼ਦੂਰੀ ਕਰਕੇ ਅਨਪੜ੍ਹਤਾ ਦਰ ਵਿੱਚ ਵਾਧਾ ਕਰ ਰਹੇ ਹਨ। ਝੁੱਗੀਆਂ-ਝੌਪੜੀਆਂ ਵਿੱਚ ਰਹਿ ਰਹੇ ਬੱਚੇ ਗੰਦਗੀ ਦੇ ਢੇਰਾਂ ’ਤੇ ਸਾਰਾ ਦਿਨ ਸਮਾਂ ਬਿਤਾਉਂਦੇ ਹਨ, ਜਿਸ ਕਾਰਨ ਇਹ ਆਪਣਾ ਆਲਾ-ਦੁਆਲਾ ਵੀ ਸਾਫ਼ ਨਹੀਂ ਰੱਖ ਸਕਦੇ। ਸਿਹਤ ਸਹੂਲਤਾਂ ਵੀ ਇਨ੍ਹਾਂ ਲੋਕਾਂ ਨੂੰ ਬਹੁਤ ਘੱਟ ਨਸੀਬ ਹੁੰਦੀਆਂ ਹਨ।
ਇਨ੍ਹਾਂ ਲੋਕਾਂ ਦੇ ਅਨਪੜ੍ਹ ਰਹਿਣ ਕਾਰਨ ਇਨ੍ਹਾਂ ਦੀ ਸੋਚ ਕੇਵਲ ਦਿਹਾੜੀਆਂ ਕਰਕੇ ਕਮਾਉਣ ਵਾਲੀ ਬਣ ਗਈ ਹੈ, ਜਿਸ ਕਾਰਨ ਇਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਦੀ ਬਿਜਾਏ ਕੰਮਕਾਰਾਂ ’ਤੇ ਭੇਜ ਦਿੰਦੇ ਹਨ। ਵੱਧ ਤੋਂ ਵੱਧ ਬੱਚੇ ਪੈਦਾ ਕਰਕੇ ਆਮਦਨ ਵਧਾਉਣ ਦਾ ਯਤਨ ਕਰਦੇ ਹਨ ਤੇ ਜਨਸੰਖਿਆ ਵਿੱਚ ਚੌਖਾ ਵਾਧਾ ਹੋ ਰਿਹਾ ਹੈ। ਇਨ੍ਹਾਂ ਲੋਕਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹਨ, ਜੋ ਸਮਾਜ ਦੀਆਂ ਮੁਸ਼ਕਿਲਾਂ ਨੂੰ ਸਮਝ ਹੀ ਨਹੀਂ ਪਾ ਰਹੇ ਤੇ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਰਹੇ ਹਨ। ਆਖੀਰ ਤੇ ਮੈ ਇਹ ਹੀ ਕਹਾਂਗਾ ਕਿ ਕੋਈ ਹੈ ਜੋ ਇਨ੍ਹਾਂ ਝੁੱਗੀਆਂ-ਝੌਂਪੜੀਆਂ ਵਾਲਿਆਂ ਵੱਲ ਧਿਆਨ ਦੇਵੇ।