June 27, 2026 12:46 am

ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ ਤੋਂ ਵਿਰਵਾ ਰੱਖ ਕੇ ਪਿੱਠ ’ਚ ਛੁਰਾ ਮਾਰਿਆ : ਮੁੱਖ ਮੰਤਰੀ

badal ਚੰਡੀਗੜ੍ਹ, 16 ਜਨਵਰੀ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਨੂੰ ਦਿੱਤੇ ਜਾ ਰਹੇ ਵਿਸ਼ੇਸ਼ ਉਦਯੋਗਿਕ ਰਾਹਤ ਪੈਕੇਜ਼ ਨੂੰ 2017 ਤੱਕ ਵਧਾਉਣ ਤੇ ਪੰਜਾਬ ਨੂੰ ਫਿਰ ਤੋਂ ਅੱਖੋਂ ਪਰੋਖੇ ਕਰਨ ਨੂੰ ਸੂਬੇ ਦੀ ਪਿੱਠ ਵਿਚ ਛੁਰਾ ਮਾਰਨਾ ਕਰਾਰ ਦਿੱਤਾ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਵਲੋਂ ਹਿਮਾਚਲ ਤੇ ਉਤਰਾਖੰਡ ਲਈ ਪੈਕੇਜ਼ ਨੂੰ 31 ਮਾਰਚ 2017 ਤੱਕ ਵਧਾਉਣਾ ਸਪੱਸ਼ਟ ਤੌਰ ’ਤੇ ਪੰਜਾਬ ਵਿਚ ਹੋ ਰਹੇ ਨਿਵੇਸ਼ ਨੂੰ ਰੋਕਣ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਏ ਨਿਵੇਸ਼ਕ ਸੰਮੇਲਨ ਦੌਰਾਨ 65000 ਕਰੋੜ ਰੁਪੈ ਦੇ ਨਿਵੇਸ਼ ਸਮਝੌਤਿਆਂ ਨਾਲ ਸੂਬੇ ਦੇ ਸਨਅਤੀਕਰਨ ਦਾ ਮੁੱਢ ਬੱਝਾ ਸੀ, ਪਰ ਕੇਂਦਰ ਸਰਕਾਰ ਅਜਿਹੇ ਫੈਸਲਿਆਂ ਨਾਲ ਇਸ ਸਰਹੱਦੀ ਰਾਜ  ਨੂੰ ਆਰਥਿਕ ਤੌਰ ’ਤੇ ਤਬਾਹ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਤੇ ਲੈਂਡ ਲਾਕਡ ਸੂਬਾ ਹੋਣ ਕਰਕੇ ਪੰਜਾਬ ਦਾ ਗੁਆਂਢੀ ਰਾਜਾਂ ਨਾਲੋਂ ਇਸ ਉਦਯੋਗਿਕ ਰਾਹਤ ਪੈਕੇਜ਼ ’ਤੇ ਵਧੇਰੇ ਹੱਕ ਬਣਦਾ ਹੈ। ਸ. ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਆਪਣੇ ਸਰੀਰ ਦੀ  ਕੁਝ ਸ਼ਕਤੀ ਕਾਂਗਰਸ ਦੇ ਪੰਜਾਬ ਨਾਲ ਇਸ ਘੋਰ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵਰਤਣ। ਸ. ਬਾਦਲ ਨੇ ਸਪੱਸ਼ਟ ਕੀਤਾ  ਕਿ ਉਹ ਉਕਤ ਰਾਜਾਂ ਨੂੰ ਪੈਕੇਜ਼ ਦੇਣ ਦੇ ਵਿਰੁੱਧ ਨਹੀਂ ਪਰ ਪੰਜਾਬ ਨੂੰ ਉਸਦੇ ਹੱਕ ਤੋਂ ਵਿਰਵਾ ਰੱਖਣਾ ਮੰਦਭਾਗਾ ਤੇ ਧ੍ਰੋਹ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਵਿਤਕਰੇ ਵਿਰੁੱਧ ਚੁੱਪ ਨਹੀਂ ਬੈਠੇਗਾ ਤੇ ਉਹ ਇਸ ਹੱਕ ਨੂੰ ਲੈਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦੂਜੇ ਰਾਜਾਂ ਤੋਂ ਕੁਝ ਵੀ ਵੱਧ ਨਹੀਂ ਮੰਗ ਰਹੇ ਪਰ ਘੱਟੋ ਘੱਟ ਪੰਜਾਬ ਨੂੰ ਦੂਜੇ ਰਾਜਾਂ ਦੇ ਬਰਾਬਰ ਬਣਦਾ ਹੱਕ ਤਾਂ ਦਿੱਤਾ ਜਾਵੇ।

Send this to a friend