ਅੰਮ੍ਰਿਤਸਰ, 21 ਦਸੰਬਰ- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਦੌਰਾਨ ਸਿਆਸੀ ਸਟੇਜ ਨਾ ਲਗਾਉਣ ਲਈ ਸਾਰੀਆਂ ਪਾਰਟੀਆਂ ਨੂੰ ਆਦੇਸ਼ ਜਾਰੀ ਕੀਤਾ ਹੈ। ਸਿੰਘ ਸਾਹਿਬ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਉਹ ਰਾਜਨੀਤਿਕ ਸਟੇਜਾਂ ਨਾ ਲਗਾਉਣ। ਕੇਵਲ ਧਾਰਮਿਕ ਸਟੇਜਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਸਿਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ। ਇਸ ਹੁਕਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਨੇ ਜੋੜ ਮੇਲ ਮੌਕੇ ਹੋਣ ਵਾਲੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਰੱਦ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੀ ਕਾਨਫਰੰਸ ਨਾ ਕਰਨ ਦਾ ਐਲਾਨ ਕਰ ਚੁੱਕੀ ਹੈ। ਬੀਤੇ ਕੱਲ੍ਹ ਕੁਝ ਸਿੱਖ ਕਾਰਕੁਨਾਂ ਨੇ ਅਕਾਲੀ ਦਲ ਦੀ ਕਾਨਫਰੰਸ ਲਈ ਲੱਗ ਰਹੇ ਪੰਡਾਲ ਨੂੰ ਰੋਕਣ ਦਾ ਯਤਨ ਕੀਤਾ ਸੀ। ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਸਮੁਚੇ ਸੰਸਾਰ ਅੰਦਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਕੇਵਲ ਧਰਤੀ ਹੀ ਨਹੀਂ ਸਗੋਂ ਇਕ ਲਾਸਾਨੀ ਸ਼ਹਾਦਤ ਦੀ ਨਿਵੇਕਲੀ ਤੇ ਪਾਵਨ ਪਵਿਤਰ ਧਰਤੀ ਵਜੋਂ ਵੀ ਜਾਣੀ ਜਾਂਦੀ ਹੈ।