May 20, 2026 5:02 am

ਸਰਕਾਰ ਦੇ ਪ੍ਰਕਾਸ਼ ਪੁਰਵ ਸਮਾਗਮ ਲਈ ਕੇਸਰੀ ਪੰਡਾਲ

ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਨੂੰ ਡਾ. ਮਨਮੋਹਨ ਸਿੰਘ ਅਤੇ ਕੈਪਟਨ ਸਮਾਗਮ ’ਚ ਕਰਨਗੇ ਸ਼ਮੂਲੀਅਤ

ਸ੍ਰੀ ਅਨੰਦਪੁਰ ਸਾਹਿਬ, 21 ਦਸੰਬਰ- ਖਾਲਸਾ ਪੰਥ ਦੇ ਬਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹੋਏ, ਪੰਜਾਬ ਸਰਕਾਰ ਵਲੋਂ ਮਹਾਨ ਸੰਤ ਸਿਪਾਹੀ ਦੇ 350ਵੇਂ ਪ੍ਰਕਾਸ਼ ਪੁਰਵ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿਚ ਇਕ ਬਹੁਤ ਹੀ ਭਰਵਾਂ ਅਤੇ ਪ੍ਰਭਾਵਸ਼ਾਲੀ ਸਮਾਰੋਹ 24 ਦਸੰਬਰ ਨੂੰ ਰਾਜ ਪਧਰ ਤੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਨ੍ਹਾਂ ਸਮਾਗਮਾਂ ਦੇ ਲਈ ਪਿਛਲੇ 7 ਦਿਨਾਂ ਤੋਂ 100 ਤੋਂ ਵਧ ਕਾਰੀਗਰ ਪੰਡਾਲ ਬਣਾਉਣ ਵਿਚ ਲਗੇ ਹੋਏ ਹਨ। ਕੇਸਰੀ ਅਤੇ ਸਫੇਦ ਰੰਗ ਦੇ ਸੁੰਦਰ ਪੰਡਾਲ ਸਜਾਏ ਜਾ ਰਹੇ ਹਨ ਤਾਂ ਜੋ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਵ ਸਮਾਗਮ ਯਾਦਗਾਰੀ ਢੰਗ ਨਾਲ ਕਰਵਾਏ ਜਾ ਸਕਣ।ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਰਾਜ ਪਧਰੀ ਸਮਾਗਮ ਵਿਚ ਉਘੇ ਪੰਜਾਬੀ ਗਾਇਕ ਗੁਰਦਾਸ ਮਾਨ, ਸ਼ਾਸ਼ਤਰੀ ਗਾਇਕ ਪੰਡਿਤ ਰਾਜਨ-ਸਾਜਨ ਮਿਸ਼ਰਾ, ਪੁਰਾਤਨ ਸ਼ੈਲੀ ਦੇ ਕੀਰਤਨੀਏ ਭਾਈ ਬਲਦੀਪ ਸਿੰਘ, ਉਘੇ ਗੁਰਮਤਿ ਸੰਗੀਤਕਾਰ ਡਾ. ਨਿਵੇਦਿਤਾ ਸਿੰਘ, ਢਾਡੀ ਜਥਾ ਦੇਸ਼ਰਾਜ ਲਚਕਾਣੀ, ਉਘੇ ਸਿਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ, ਉਘੇ ਇਤਿਹਾਸਕਾਰ ਡਾ. ਇੰਦੂ ਬਾਂਗਾ, ਪ੍ਰਸਿਧ ਪੰਜਾਬੀ ਕਵੀ ਸ੍ਰੀ ਸੁਰਜੀਤ ਸਿੰਘ ਪਾਤਰ (ਪਦਮ ਸ਼੍ਰੀ), ਇਸ ਸਮਾਗਮ ਦੌਰਾਨ ਆਪਣੀਆਂ ਵਿਸ਼ੇਸ਼ ਪੇਸ਼ਕਾਰੀਆਂ ਦੇਣਗੇ।ਇਸ ਸਮਾਰੋਹ ਤੋਂ ਪਹਿਲਾਂ ਦਸਵੇਂ ਗੁਰੂ ਸਾਹਿਬ ਦੇ ਮਹਾਨ ਜੀਵਨ ਅਤੇ ਸਿਖਿਆਵਾਂ ਤੇ ਆਧਾਰਿਤ ਲੜੀਵਾਰ ਗੌਸ਼ਟੀਆਂ/ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ।ਸਮਾਗਮ ਵਾਲੇ ਵਿਸ਼ਾਲ ਪੰਡਾਲ ਦੀਆਂ ਤਿੰਨ ਵਖ-ਵਖ ਸਟੇਜ਼ਾਂ ਤਿਆਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਇਕ ਸਟੇਜ ਉਤੇ ਮਾਣਯੋਗ ਪੂਰਵ ਪ੍ਰਧਾਨ ਮੰਤਰੀ, ਮੁਖ ਮੰਤਰੀ ਪੰਜਾਬ ਅਤੇ ਹੌਰ ਕੈਬਨਿਟ ਮੰਤਰੀ ਬੈਠਣਗੇ। ਦੂਜੀ ਮਹਤਵਪੂਰਣ ਸਟੇਜ ਉਤੇ ਸੰਤ ਸਮਾਜ ਦੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਸ਼ੁਸ਼ੋਭਿਤ ਹੋਣਗੀਆ ਅਤੇ ਤੀਜੀ ਸਟੇਜ ਉਤੇ ਦੇਸ਼ ਦੇ ਉਘੇ ਵਿਦਵਾਨ ਆਪਣੀਆਂ ਪੇਸ਼ਕਾਰੀਆਂ ਦੇਣਗੇ। ਪ੍ਰਸ਼ਾਸ਼ਨ ਵਲੋਂ ਸੰਗਤਾਂ ਦੀ ਭਾਰੀ ਆਮਦ ਨੂੰ ਧਿਆਨ ਵਿਚ ਰਖਦੇ ਹੋਏ ਵਿਸ਼ੇਸ਼ ਟਰਾਂਸਪੋਰੇਸ਼ਨ ਦੇ ਪ੍ਰਬੰਧ ਕੀਤੇ ਗਏ ਹਨ। ਟਰੈਫਿਕ ਪੁਲਿਸ ਵਲੋਂ ਵੀ ਨਿਰਵਿਘਨ ਸੁਚਾਰੂ ਟਰੈਫਿਕ ਲਈ ਯੋਜਨਾ ਓਲੀਕੀ ਗਈ ਹੈ। ਪੰਡਾਲ ਵਿਚ ਸੰਗਤਾਂ ਦੇ ਬੈਠਣ ਲਈ ਪੰਡਾਲ ਨੂੰ 12 ਸੈਕਟਰਾਂ ਵਿਚ ਵੰਡਿਆਂ ਗਿਆ ਹੈ। ਪੰਡਾਲ ਵਿਚ ਰੋਸ਼ਨੀ ਦੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ। ਪੰਡਾਲ ਤੋਂ ਬਾਹਰ ਸੰਗਤਾਂ ਦੀ ਸਹੂਲਤ ਲਈ ਜੌੜੇ ਘਰ ਦੀ ਵਿਵਸਥਾ ਵੀ ਕੀਤੀ ਗਈ ਹੈ। ਸੰਗਤਾਂ ਲਈ ਗੁਰੂ ਕੇ ਲੰਗਰ ਦੇ ਵੀ ਬਹੁਤ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਅਤਿ ਮਹਤਵਪੂਰਨ ਵਿਅਕਤੀਆਂ ਦੀ ਆਮਦ ਨੂੰ ਧਿਆਨ ਵਿਚ ਰਖਦੇ ਹੋਏ ਐਸ.ਪੀ.ਜੀ. ਵਲੋਂ ਅਜ ਪੰਡਾਲ ਦਾ ਦੌਰਾ ਕਰਕੇ ਸੁਰਖਿਆ ਪ੍ਰਬੰਧਾ ਦੀ ਸਮੀਖਿਆ ਕੀਤੀ ਗਈ ਹੈ। ਨਗਰ ਦੀ ਸਫਾਈ ਲਈ ਲਗਾਤਾਰ ਸਫਾਈ ਕਰਮਚਾਰੀ ਲਗੇ ਹੋਏ ਹਨ। ਸੰਗਤਾਂ ਲਈ ਪ੍ਰਸ਼ਾਸ਼ਨ ਵਲੋਂ ਮੈਡੀਕਲ ਸਹੂਲਤਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ਼ ਅਤੇ ਐਸ.ਐਸ.ਪੀ. ਰੂਪਨਗਰ ਸ੍ਰੀ ਰਾਜ ਬਚਨ ਸਿੰਘ ਸੰਧੂ ਪ੍ਰਸ਼ਾਸ਼ਨ ਅਤੇ ਸੁਰਖਿਆ ਪ੍ਰਬੰਧਾਂ ਉਤੇ ਵਿਸ਼ੇਸ਼ ਨਜ਼ਰ ਰਖ ਰਹੇ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ। ਉਨ੍ਹਾਂ ਵਲੋਂ ਮੁਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ, ਸਕਤਰ ਸੈਰ ਸਪਾਟਾ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸੈਰ ਸਪਾਟਾ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ਼, ਐਸ.ਐਸ.ਪੀ. ਰੂਪਨਗਰ ਸ੍ਰੀ ਰਾਜ ਬਚਨ ਸਿੰਘ ਸੰਧੂ ਸਮੇਤ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਹੁਣ ਸਪੀਕਰ ਵਲੋਂ ਇਲਾਕੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਬੈਠਕਾਂ ਕਰਕੇ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸਦਾ ਦਿਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਸਮੂਹ ਧਾਰਮਿਕ ਸ਼ਖਸ਼ੀਅਤਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਪ੍ਰਸ਼ਾਸ਼ਨ ਸਮਾਗਮ ਦੀਆਂ ਤਿਆਰੀਆਂ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।

Send this to a friend