ਮ੍ਰਿਤਕਾ ਦੇ ਲੜਕੇ ਨੇ ਆਪਣੀ ਪਤਨੀ ਤੇ ਆਪਣੀ ਬੇਟੀ ਖਿਲਾਫ ਲਗਾਏ ਦੋਸ਼
ਨਾਭਾ, 20 ਦਸੰਬਰ (ਕਰਮਜੀਤ ਸੋਮਲ, ਸਿਕੰਦਰ)- ਦਿਨੋਂ ਦਿਨੀਂ ਰਿਸਤਿਆਂ ਵਿੱਚ ਕੜਵਾਹਟ ਪੈਦਾ ਹੁੰਦੀ ਜਾ ਰਹੀ ਹੈ, ਜਿਸ ਦੀ ਤਾਜਾ ਮਿਸਾਲ ਨਾਭਾ ਬਲਾਕ ਦੇ ਪਿੰਡ ਬਾਬਰਪੁਰ ਵਿਖੇ ਸਾਹਮਣੇ ਆਈ ਹੈ, ਜਿੱਥੇ ਆਪਸੀ ਕਲੇਸ ਤੇ ਚੱਲਦਿਆਂ ਨਾਭਾ ਨੇੜਲੇ ਪਿੰਡ ਬਾਬਰਪੁਰ ਵਿਖੇ 70 ਸਾਲਾ ਔਰਤ ਗੁਰਦੇਵ ਕੌਰ ਦੀ ਲਾਸ ਘਰ ਵਿੱਚ ਗਲ ਫਾਹਾ ਲੈਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ ਮ੍ਰਿਤਕ ਦੇ ਲੜਕੇ ਗੋਪਾਲ ਸਿੰਘ ਨੇ ਇਸ ਘਟਨਾ ਨੂੰ ਕਤਲ ਦਾ ਮਾਮਲਾ ਦੱਸਿਆ ਹੈ ਅਤੇ ਇਸ ਕਤਲ ਪਿੱਛੇ ਆਪਣੀ ਪਤਨੀ ਅਤੇ ਆਪਣੀ ਲੜਕੀ ਦਾ ਹੱਥ ਹੋਣ ਦਾ ਖਦਸਾ ਜਿਤਾਇਆ ਹੈ। ਜਿਕਰਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਮ੍ਰਿਤਕ ਦਾ ਲੜਕਾ ਇਸ ਕਰਕੇ ਘਰੋਂ ਬਾਹਰ ਸੀ ਕਿਉਂਕਿ ਉਸਦੀ ਪਤਨੀ ਮਨਜੀਤ ਕੌਰ ਨੇ ਉਸ ਦੇ ਖਿਲਾਫ ਪੁਲਿਸ ਕੋਲ ਰਿਪੋਰਟ ਲਿਖਵਾਈ ਸੀ, ਜਦੋਂ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ ਤੇ ਮ੍ਰਿਤਕ ਦੇ ਲੜਕੇ ਨੂੰ ਬੁਲਾਇਆ ਗਿਆ ਅਤੇ ਮ੍ਰਿਤਕ ਦੇ ਲੜਕੇ ਨੇ ਇਸ ਘਟਨਾ ਪਿੱਛੇ ਆਪਣੀ ਪਤਨੀ ਅਤੇ ਆਪਣੀ ਲੜਕੀ ਦਾ ਹੱਥ ਦਾ ਹੋਣ ਦਾ ਖਦਸਾ ਪ੍ਰਗਟਾਇਆ ਅਤੇ ਆਪਣੀ ਪਤਨੀ ਦੇ ਚਰਿੱਤਰ ਤੇ ਵੀ ਸਵਾਲ ਉਠਾਏ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਮ੍ਰਿਤਕ ਦੇ ਲੜਕੇ ਗੋਪਾਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਧਾਰਾ 306 ਦੇ ਤਹਿਤ ਗੋਪਾਲ ਦੀ ਪਤਨੀ ਅਤੇ ਉਸਦੀ ਬੇਟੀ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ ਸੁਰੂ ਕਰ ਦਿੱਤੀ ਹੈ।