ਸੰਜੇ ਸਿੰਘ ਦੀ ਥਾਂ ਦੇਖਣਗੇ ਕੰਮ-ਕਾਜ
ਚੰਡੀਗੜ੍ਹ, 19 ਦਸੰਬਰ- ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪਾਰਟੀ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਲਈ ਦਿੱਲੀ ਦੇ ਉਪ ਮੁਖ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ‘ਆਪ’ ਦਾ ਇੰਚਾਰਜ ਥਾਪਿਆ ਹੈ। ਉਹ ਸ਼੍ਰੀ ਸੰਜੇ ਸਿੰਘ ਦੀ ਜਗ੍ਹਾ ਲੈਣਗੇ। ਸ਼੍ਰੀ ਕੇਜਰੀਵਾਲ ਨੇ ਇਹ ਫੈਸਲਾ ਪੰਜਾਬ ਵਿਚ ‘ਆਪ’ ਨੂੰ ਮਿਲ ਰਹੀ ਹਾਰ-ਦਰ-ਹਾਰ ਮਗਰੋਂ ਲਿਆ ਹੈ।ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਗੁਰਦਾਸਪੁਰ ਜ਼ਿਮਨੀ ਚੋਣ ਅਤੇ ਤਾਜ਼ਾ ਨਿਗਮ ਚੋਣਾਂ ਵਿੱਚ ਹਾਰ ਨਾਲ ਪੰਜਾਬ ‘ਆਪ’ ਦੀ ਸਿਆਸੀ ਹੋਂਦ ’ਤੇ ਪ੍ਰਸ਼ਨ ਚਿੰਨ ਲਗ ਗਿਆ ਹੈ। ਇਸ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਪਸਤ ਹੋ ਗਏ ਹਨ। ‘ਆਪ’ ਦਾ ਕੇਡਰ ਅਕਾਲੀ ਦਲ ਤੇ ਕਾਂਗਰਸ ਵੱਲ਼ ਖਿਸਕਣ ਲੱਗਾ ਹੈ। ਮੌਜੂਦਾ ਲੀਡਰਸ਼ਿਪ ’ਤੇ ਵੀ ਸਵਾਲ ਉਠਣ ਲਗੇ ਹਨ।ਅਜਿਹੇ ਵਿਚ ਸ਼੍ਰੀ ਕੇਜਰੀਵਾਲ ਨੇ ਆਪਣੇ ਖਾਸ-ਮ-ਖਾਸ ਸ਼੍ਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੈ। ਸ਼੍ਰੀ ਸਿਸੋਦੀਆ ਹੁਣ ਸੰਜੇ ਸਿੰਘ ਦੀ ਥਾਂ ਪੰਜਾਬ ਦਾ ਕੰਮਕਾਜ ਵੇਖਣਗੇ। ਸੂਤਰਾਂ ਮੁਤਾਬਕ ਅਗਲੇ ਦਿਨਾਂ ’ਚ ਪੰਜਾਬ ਇਕਾਈ ਵਿੱਚ ਵੀ ਫੇਰਬਦਲ ਹੋ ਸਕਦਾ ਹੈ।ਦਰਅਸਲ ਸ਼੍ਰੀ ਸਿਸੋਦੀਆ ਨੇ ਪਾਰਟੀ ਦੀ ਕਮਾਨ ਅਜਿਹੇ ਵੇਲੇ ਸੰਭਾਲੀ ਹੈ ਜਦੋਂ ਪਾਰਟੀ ਦੇ ਲੀਡਰਸ਼ਿਪ ਤੇ ਵਰਕਰਾਂ ਵਿਚ ਨਿਰਾਸ਼ਾ ਦਾ ਆਲਮ ਹੈ।ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸ਼੍ਰੀ ਸੁਖਪਾਲ ਸਿੰਘ ਖਹਿਰਾ ਦਾ ਨਸ਼ਾ ਤਸਕਰੀ ਦੇ ਕੇਸ ਵਿਚ ਨਾਂ ਘਸੀਟਣ ਮਗਰੋਂ ਪਾਰਟੀ ਅੰਦਰ ਖਿਚੋਤਾਣ ਵਧੀ ਹੈ। ਸ਼ਹਿਰੀ ਚੋਣਾਂ ਵਿਚ ਪਾਰਟੀ ਦੇ ਸਫਾਏ ਨੇ ਫਿਕਰਮੰਦੀ ਵਧਾਈ ਹੈ। ਇਸ ਲਈ ਸਿਸੋਦੀਆ ਲਈ ਪਾਰਟੀ ਨੂੰ ਉਭਾਰਨਾ ਵਡੀ ਚੁਣੌਤੀ ਰਹੇਗੀ।ਹੁਣ ਸਿਸੋਦੀਆ ਦੇ ਆਉਣ ਨਾਲ ਕੁਝ ਫੇਰਬਦਲ ਜ਼ਰੂਰ ਹੋਏਗਾ।ਕਾਬਲੋਗੌਰ ਹੈ ਕਿ ਪੰਜਾਬ ਵਿਚ ਮੁਖ ਵਿਰੋਧੀ ਧਿਰ ‘ਆਪ’ ਨੂੰ ਨਗਰ ਨਿਗਮਾਂ ਦੇ 225 ਵਾਰਡਾਂ ਵਿਚੋਂ ਇਕ ਸੀਟ ’ਤੇ ਵੀ ਜਿਤ ਪ੍ਰਾਪਤ ਨਹੀਂ ਹੋ ਸਕੀ। ਜਦਕਿ 17 ਨਗਰ ਪੰਚਾਇਤਾਂ ਤੇ ਨਗਰ ਪਾਲਿਕਾ ਦੇ 414 ਵਾਰਡਾਂ ਵਿਚ ਪਾਰਟੀ ਸਿਰਫ ਇੱਕ ਸੀਟ ਹੀ ਜਿਤ ਸਕੀ। 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਆਪ ਪਾਰਟੀ ਨੇ 117 ਸੀਟਾਂ ਵਿਚੋਂ 22 ਤੇ ਜਿਤ ਪ੍ਰਾਪਤ ਕਰਕੇ ਪੰਜਾਬ ਦੀ ਵਿਰੋਧੀ ਧਿਰ ਵਿਚ ਬੈਠ ਗਈ ਪਰ ਨਗਰ ਨਿਗਮ ਦੀਆਂ ਚੋਣਾਂ ਨੇ ਪਾਰਟੀ ਨੂੰ ਫਿਕਰਾਂ ਵਿਚ ਪਾ ਦਿਤਾ।
ਉਧਰ ਸ਼੍ਰੀ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦਾ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਨੇ ਭਰਵਾਂ ਸਵਾਗਤ ਕੀਤਾ ਹੈ। ਪਾਰਟੀ ਵਲੋਂ ਜਾਰੀ ਪ੍ਰੈਸ ਨੋਟ ਵਿਚ ਪਾਰਟੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਪਾਰਟੀ ਦੇ ਆਗੂਆਂ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸਹਿ ਪ੍ਰਧਾਨ ਅਮਨ ਅਰੋੜਾ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਬੀਜ ਕੌਰ ਮਾਣੂਕੇ, ਐਚ.ਐਸ. ਫੂਲਕਾ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੰਵਰ ਸਿੰਘ ਸੰਧੂ ਨੇ ਕਿਹਾ ਕਿ ਸਿਸੋਦੀਆ ਵਰਗੇ ਪਾਰਟੀ ਦੇ ਮਿਹਨਤੀ ਤੇ ਤਜਰਬੇਕਾਰ ਆਗੂ ਨੂੰ ਪੰਜਾਬ ਦਾ ਇੰਚਾਰਜ ਲਾਏ ਜਾਣ ਨਾਲ ਸੂਬੇ ਵਿਚ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਵੇਗੀ। ਆਗੂਆਂ ਨੇ ਕਿਹਾ ਕਿ ਸ਼੍ਰੀ ਸਿਸੋਦੀਆ ਦੀ ਦੂਰਦਰਸ਼ੀ ਸੋਚ ਤੇ ਲੋਕਾਂ ਵਿਚ ਜਾ ਕੇ ਕੰਮ ਕਰਨ ਦੀ ਨੀਤੀ ਨੂੰ ਸੂਬੇ ਵਿਚ ਲਾਗੂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜਾਵੇਗਾ।