ਜਲੰਧਰ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਵਰਗਵਾਸੀ ਸ. ਸੁਖਜਿੰਦਰ ਸਿੰਘ ਦੀ ਧਰਮ ਪਤਨੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ‘ਆਪ’ ਆਗੂ ਸ. ਸੁਖਪਾਲ ਸਿੰਘ ਖਹਿਰਾ ਦੇ ਮਾਤਾ ਸਰਦਾਰਨੀ ਮਹਿੰਦਰ ਕੌਰ ਬੀਤੀ ਰਾਤ ਚੰਡੀਗੜ੍ਹ ਵਿਚਲੀ ਰਿਹਾਇਸ਼ ਵਿਖੇ ਸਵਰਗਵਾਸ ਹੋ ਗਏ। ਮਾਤਾ ਜੀ 88 ਸਾਲਾਂ ਦੇ ਸਨ। ਉਹ ਆਪਣੇ ਪਿੱਛੇ 6 ਬੇਟੀਆਂ ਅਤੇ ਬੇਟਾ ਸੁਖਪਾਲ ਸਿੰਘ ਖਹਿਰਾ ਛੱਡ ਗਏ ਹਨ। ਸ. ਮਹਿੰਦਰ ਕੌਰ ਦਾ ਜਨਮ ਸੰਨ 1929 ਵਿੱਚ ਕਪੂਰਥਲਾ ਰਿਆਸਤ ਦੇ ਪਿੰਡ ਖੇੜਾਦੋਨਾ ਵਿਖੇ ਮੇਜਰ ਜਗਤ ਸਿੰਘ ਅਤੇ ਸਰਦਾਰਨੀ ਭਗਵਾਨ ਕੌਰ ਦੇ ਘਰ ਹੋਇਆ। ਸਰਦਾਰਨੀ ਮਹਿੰਦਰ ਕੌਰ ਇੱਕ ਧਾਰਮਿਕ ਬਿਰਤੀ ਦੇ ਮਨੁੱਖ ਸਨ। ਉਨ੍ਹਾਂ ਨੇ ਧਰਮ ਯੁੱਧ ਮੋਰਚੇ ਵਿੱਚ ਵੀ ਗ੍ਰਿਫਤਾਰੀ ਦਿੱਤੀ ਸੀ। ਸਰਦਾਰਨੀ ਮਹਿੰਦਰ ਕੌਰ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਨੇੜੇ ਭੁਲੱਥ ਵਿਖੇ ਪੂਰੇ ਸਨਮਾਨ ਨਾਲ ਕਰ ਦਿੱਤਾ ਗਿਆ। ਉਨ੍ਹਾਂ ਨਮਿਤ ਪਾਠ ਦੋ ਭੋਗ ਅਤੇ ਅੰਤਿਮ ਅਰਦਾਸ 26 ਦਸੰਬਰ ਦਿਨ ਮੰਗਲਵਾਰ ਨੂੰ ਪਿੰਡ ਰਾਮਗੜ੍ਹ ਵਿਖੇ ਹੀ ਹੋਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਨੇਤਾਵਾਂ ਨੇ ਸ. ਖਹਿਰਾ ਨਾਲ ਦੁਖ ਪ੍ਰਗਟਾਇਆ ਹੈ।