June 26, 2026 3:56 pm

ਅਕਾਲੀ-ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲੋਕ : ਬਾਜਵਾ

  • ਪੰਜਾਬ ਦਾ ਵਿਕਾਸ ਕਰਨ ’ਚ ਅਸਫਲ ਰਹੀ ਅਕਾਲੀ-ਭਾਜਪਾ ਸਰਕਾਰ : ਹੁੱਡਾ
  • ਡਰੱਗ ਰੈਕੇਟ ਦੀ ਸੀ.ਬੀ.ਆਈ. ਜਾਂਚ ਸਬੰਧੀ ਬਾਜਵਾ ਦੀ ਮੰਗ ਨੂੰ ਏ. ਆਈ. ਸੀ.ਸੀ. ਦਾ ਸਮਰਥਨ : ਸ਼ਕੀਲ ਅਹਿਮਦ
  • ਬੀਬੀ ਭੱਠਲ ਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਅਕਾਲੀ ਦਲ ’ਤੇ ਤਿੱਖੇ ਹਮਲੇ

image ਸ੍ਰੀ ਮੁਕਤਸਰ, 14 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਮਾਫੀਆ ਖਿਲਾਫ ਜੰਗ ਛੇੜਨ ਦਾ ਸੱਦਾ ਦਿੰਦਿਆਂ ਪੰਜਾਬ ’ਚ ਮਾਫੀਆ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਇਸ ਅਕਾਲੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਦੀ ਅਪੀਲ ਕੀਤੀ ਹੈ।
ਬਾਜਵਾ ਮਾਘੀ ਮੇਲੇ ਮੌਕੇ ਆਯੋਜਿਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਜਿਥੇ ਉਨ੍ਹਾਂ ਦੇ ਨਾਲ ਏ.ਆਈ.ਸੀ.ਸੀ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 40 ਮੁਕਤਿਆਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ 1705 ’ਚ ਸਿੱਖ ਸਮਾਜ ਦੀ ਇਜੱਤ ਰੱਖਣ ਖਾਤਿਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਪ੍ਯਵਿੱਤਰ ਨਗਰੀ ਵਿਖੇ 40 ਮੁਕਤਿਆਂ ਵੱਲੋਂ ਲਿੱਖਿਆ ਬੇਦਾਵਾ ਫਾੜ੍ਹ ਦਿੱਤਾ ਸੀ। ਕਾਂਗਰਸ ਆਗੂਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜਿਕ ਅੰਨਿਆਂ ਖਿਲਾਫ ਜੰਗ ਲੜਦਿਆਂ ਜਾਤਪਾਤ ਤੋਂ ਮੁਕਤ ਸਮਾਜ ਦੀ ਨੀਂਹ ਰੱਖੀ ਸੀ।
ਇਸ ਮੌਕੇ ਮੌਜ਼ੂਦਗੀ ਨੂੰ ਸੰਬੋਧਨ ਕਰਦਿਆਂ ਸ਼ਕੀਲ ਅਹਿਮਦ ਨੇ ਕਿਹਾ ਕਿ ਏ.ਆਈ.ਸੀ.ਸੀ ਦਾ ਬਾਜਵਾ ਨੂੰ ਪੂਰਾ ਸਮਰਥਨ ਹੈ ਅਤੇ ਕਿਹਾ ਕਿ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਨਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਕੋਈ ਵਿਅਕਤੀਗਤ ਫੈਸਲਾ ਨਹੀਂ ਹੈ। ਸੀ.ਬੀ.ਆਈ ਜਾਂਚ ਦੀ ਮੰਗ ਨੂੰ ਏ.ਆਈ.ਸੀ.ਸੀ ਨੇ ਪੂਰਾ ਸਮਰਥਨ ਦਿੱਤਾ ਹੈ। ਬਾਜਵਾ ਇਕ ਅਸਰਦਾਰ ਸਰਦਾਰ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਬਾਜਵਾ ਦੀ ਅਗਵਾਈ ਹੇਠ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਦਰਜ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਨਵਾਂ ਤਜ਼ੁਰਬਾ ਹੈ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਦਿੱਲੀ ਵਿਖੇ ਉਥੋਂ ਦੇ ਲੋਕਾਂ ਦੇ ਹਿੱਤ ’ਚ ਸਮਰਥਨ ਦਿੱਤਾ ਹੈ। ਜਿਹੜੀ ਹੁਣ ਆਪਣਾ ਫਰਜ ਨਿਭਾਉਣ ’ਚ ਫੇਲ੍ਹ ਹੋ ਰਹੀ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ¦ਬੇ ਸਮੇਂ ਤੱਕ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਤੇ ਤਾਨਾਸ਼ਾਹੀ ਦਾ ਸੰਤਾਪ ਭੋਗਿਆ ਹੈ। ਜਿਨ੍ਹਾਂ ਨੇ ਅਕਾਲੀ ਭਾਪਜਾ ਸਰਕਾਰ ਨੂੰ ਇਸ ਕਰਕੇ ਸੱਤਾ ਸੌਂਪੀ ਸੀ ਕਿ ਉਹ ਪੰਜਾਬ ਨੂੰ ਅੱਗੇ ਲਿਜਾਣਗੇ। ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਹਿੱਤਾਂ ਖਾਤਿਰ ਪੰਜਾਬ ਨੂੰ ਉਜਾੜਨ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂ ਤਾਲਿਬਾਨਾਂ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਅਫਗਾਨਿਸਤਾਨ ’ਚ ਲੋਕਾਂ ਨੂੰ ਕੰਟਰੋਲ ਕਰਨ ਲਈ ਨਸ਼ਿਆਂ ਦਾ ਰਸਤਾ ਅਪਣਾਇਆ।
ਬਾਜਵਾ ਨੇ ਕਿਹਾ ਕਿ ਪੰਜਾਬ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਅਤੇ ਇਹ ਹਾਲਾਤ ਪੰਜਾਬ ਨੂੰ ਅਰਾਜਕਤਾ ’ਚ ਧਕੇਲ ਦੇਣਗੇ। ਲੁਧਿਆਣਾ ’ਚ 2012 ਵਿਚ ਕੀਤੀ ਗਈ ਇਕ ਸਟੱਡੀ ’ਚ ਖੁਲਾਸਾ ਹੋਇਆ ਸੀ ਕਿ ਸਕੂਲ-ਕਾਲਜਾਂ ’ਚ ਜਾਂਦੇ 67 ਪ੍ਰਤੀਸ਼ਤ ਮੁੰਡਿਆਂ ਅਤੇ 52 ਪ੍ਰਤੀਸ਼ਤ ਕੁੜੀਆਂ ਨੇ ਨਸ਼ਿਆਂ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ 16 ਜਨਵਰੀ ਨੂੰ ਦੋ ਘੰਟਿਆਂ ਦੇ ਚੱਕਾ ਜਾਮ੍ਹ ਦਾ ਸਮਰਥਨ ਕਰਕੇ ਨਸ਼ਾਖੋਰੀ ਖਿਲਾਫ ਆਪਣਾ ਗੁੱਸਾ ਜਾਹਿਰ ਕਰਨ ਦੀ ਅਪੀਲ ਕੀਤੀ।
ਬਾਜਵਾ ਨੇ ਕਿਹਾ ਕਿ ਪੰਜਾਬ ’ਚ 6000 ਕਰੋੜ ਰੁਪਏ ਦੇ ਸਿੰਥੇਟਿਕ ਡਰੱਗ ਬਰਾਮਦ ਕੀਤੇ ਗਏ ਹਨ ਅਤੇ ਇਥੇ ਡਰੱਗ ਫੈਕਟਰੀਆਂ ਤੇ ਸਪਲਾਇਰਾਂ ਦਾ ਸੰਗਠਿਤ ਨੇਟਵਰਕ ਕੰਮ ਕਰ ਰਿਹਾ ਹੈ। ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦਾ ਨਾਂ ਡਰੱਗ ਰੈਕੇਟ ’ਚ ਸਾਹਮਣੇ ਆਇਆ ਹੈ ਅਤੇ ਹੁਣ ਅਕਾਲੀ ਆਗੂਆਂ ਨੇ ਉਨ੍ਹਾਂ (ਬਾਜਵਾ) ਖਿਲਾਫ ਝੂਠੇ ਦੋਸ਼ ਲਗਾ ਕੇ ਲੋਕਾਂ ਦਾ ਧਿਆਨ ਭਟਕਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਪੁਲਿਸ ਵੱਲੋਂ ਮਜੀਠੀਆ ਦੇ ਅਤਿ ਨਜਦੀਕੀਆਂ ਨੂੰ ਕਾਬੂ ਕੀਤਾ ਗਿਆ ਹੈ।
ਨਸ਼ਾ ਤਸਕਰਾਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਲੱਗ ਰਹੇ ਦੋਸ਼ਾਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਉਹ ਸੀ.ਬੀ.ਆਈ ਜਾਂਚ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ’ਚ ਕੋਈ ਨੈਤਿਕਤਾ ਤੇ ਹਿੰਮਤ ਹੈ, ਤਾਂ ਉਹ 2002 ਤੋਂ 2007 ਦੇ ਆਪਣੇ ਸ਼ਾਸਨਕਾਲ ਦੌਰਾਨ ਕਾਂਗਰਸੀ ਆਗੂਆਂ ਦੀ ਸ਼ਮੂਲਿਅਤ ਦੀ ਸੀ.ਬੀ.ਆਈ ਜਾਂਚ ਦੇ ਆਦੇਸ਼ ਦੇਣ। ਉਨ੍ਹਾਂ ਨੇ ਬਾਦਲ ਨੂੰ ਇਸੇ ਤਰ੍ਹਾਂ ਆਪਣੇ ਮੰਤਰੀਆਂ ਦੀ ਵੀ ਡਰੱਗ ਰੈਕੇਟ ’ਚ ਸ਼ਮੂਲਿਅਤ ਸਬੰਧੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਲਈ ਕਿਹਾ।
ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਪੰਜਾਬ ਇਕ ਖੁਸ਼ਹਾਲ ਸੂਬਾ ਸੀ, ਪਰ ਹੁਣ ਇਥੇ ਲੋਕ ਪਿਛੜ ਚੁੱਕੇ ਹਨ। ਪੰਜਾਬ ਦੇ ਵਿਕਾਸ ਦੇ ਮਾਮਲੇ ’ਚ ਪਿਛੜਣ ਲਈ ਅਕਾਲੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਜਿਸਨੇ ਸਮੇਂ ਦੇ ਨਾਲ ਤਰੱਕੀ ਨਹੀਂ ਕੀਤੀ। ਹਰਿਆਣਾ ਹਰੇਕ ਮਾਮਲੇ ’ਚ ਪੰਜਾਬ ਤੋਂ ਕਾਫੀ ਅੱਗੇ ਨਿਕਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਨੂੰ 1000 ਕਰੋੜ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਰਹੀ ਹੈ, ਜਦਕਿ ਪੰਜਾਬ ’ਚ ਸਿਰਫ 250 ਰੁਪਏ ਦਿੱਤੇ ਜਾ ਰਹੇ ਹਨ ਅਤੇ ਉਹ ਵੀ ਕਈ ਮਹੀਨਿਆਂ ਤੱਕ ਲਟਕੇ ਰਹਿੰਦੇ ਹਨ।  ਪ੍ਰਦੇਸ਼ ਕਾਂਗਰਸ ਦੀ ਸਾਬਕਾ ਪ੍ਰਧਾਨ ਬੀਬੀ ਰਜਿੰਦਰ ਕੌਰ ਭੱਠਲ ਨੇ ਨਸ਼ਿਆਂ ਖਿਲਾਫ ਅੰਦੋਲਨ ’ਚ ਬਾਜਵਾ ਦਾ ਸਮਰਥਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ, ਰਾਜਾ ਅਮਰਿੰਦਰ ਸਿੰਘ ਵੜਿੰਗ, ਜੋਗਿੰਦਰ ਸਿੰਘ ਪੰਜਗਰਾਈਆਂ, ਪਰਮਿੰਦਰ ਸਿੰਘ ਪਿੰਕੀ, ਮਲਕੀਤ ਸਿੰਘ ਦਾਖਾ, ਹੰਸ ਰਾਜ ਜੋਸਨ, ਗੁਰਪ੍ਰੀਤ ਸਿੰਘ ਕਾਂਗੜ, ਸੁਖਪਾਲ ਸਿੰਘ ਖੈਹਰਾ, ਫਤਹਿ ਜੰਗ ਸਿੰਘ ਬਾਜਵਾ, ਸੁਖਵਿੰਦਰ ਸਿੰਘ ਡੈਨੀ, ਅਜੀਤ ਇੰਦਰ ਸਿੰਘ ਮੋਫਰ, ਹਰਮਿੰਦਰ ਸਿੰਘ ਜੱਸੀ, ਇੰਦਰਜੀਤ ਸਿੰਘ ਜੀਰਾ, ਕੁਸ਼ਲਦੀਪ ਸਿੰਘ ਢਿਲੋਂ, ਚਿਰੰਜੀ ਲਾਲ ਗਰਗ, ਜਗਪਾਲ ਸਿੰਘ ਅਬੁੱਲਖੁਰਾਨਾ, ਗੁਰਮੀਤ ਸਿੰਘ ਖੁਦੀਆਂ, ਦਰਸ਼ਨ ਸਿੰਘ ਬਰਾੜ ਤੇ ਡਾ. ਮਾਲਤੀ ਥਾਪਰ ਵੀ ਮੌਜ਼ੂਦ ਰਹੇ।

Send this to a friend