ਮੋਰਿੰਡਾ, 8 ਦਸੰਬਰ (ਹਰਜਿੰਦਰ ਸਿੰਘ ਛਿੱਬਰ)-ਸਰਕਾਰੀ ਪ੍ਰਾਇਮਰੀ ਸਕੂਲ ਮਾਨਖੇੜੀ ਦੇ ਸਟਾਫ਼ ਵੱਲੋਂ ਪਿੰਡ ਦੇ ਸਰਪੰਚ ਬਲਬੀਰ ਸਿੰਘ ਦਾ ਸਕੂਲ ਦੇ ਲੋੜ੍ਹਮੰਦ ਬੱਚਿਆਂ ਲਈ ਸਮੇਂ ਸਮੇਂ ਉਪਰਾਲ੍ਹਾ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਆਸ਼ਾ ਰਾਣੀ ਸਕੂਲ ਮੁੱਖੀ ਨੇ ਦੱਸਿਆ ਕਿ ਬਲਬੀਰ ਸਿੰਘ ਸਰਪੰਚ ਪਿੰਡ ਮਾਨਖੇੜ੍ਹੀ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਹਿਯੋਗ ਕਰਨ ਲਈ ਹਮੇਸ਼ਾਂ ਹੀ ਤੱਤਪਰ ਰਹਿੰਦੇ ਹਨ। ਉਨ੍ਹਾਂ ਵੱਲੋਂ ਵਿਦੇਸ਼ਾਂ ’ਚ ਵਸਦੇ ਐਨ.ਆਰ.ਆਈ ਭਰਾਵਾਂ ਅਤੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ, ਬੂਟ, ਗਰਮ ਜੁਰਾਬਾਂ, ਸਟੇਸ਼ਨਰੀ ਅਤੇ ਬੈਗ ਆਦਿ ਦਿੰਦੇ ਰਹਿੰਦੇ ਹਨ। ਸਕੂਲ ਮੁੱਖੀ ਨੇ ਦੱਸਿਆ ਕਿ ਸਰਪੰਚ ਬਲਬੀਰ ਸਿੰਘ ਵੱਲੋਂ ਸਕੂਲ ਅਤੇ ਬੱਚਿਆਂ ਦੀ ਵੱਡੀ ਜਰੂਰਤ ਨੂੰ ਪੂਰਾ ਕਰਦੇ ਹੋਏ ਅੱਜ ਸਕੂਲ ਨੂੰ ਫਰਨੀਚਰ ਦਾਨ ਵੱਜੋਂ ਦਿੱਤਾ ਹੈ। ਉਨ੍ਹਾਂ ਦੇ ਸਕੂਲ ਪ੍ਰਤੀ ਸਮਰਪਨ ਨੂੰ ਮੁੱਖ ਰੱਖਦੇ ਹੋਏ ਅੱਜ ਸਕੂਲ ਦੇ ਸਟਾਫ ਵੱਲੋਂ ਸਕੂਲ ਮੁੱਖੀ ਆਸ਼ਾ ਰਾਣੀ ਦੀ ਅਗਵਾਈ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸਰਪੰਚ ਬਲਬੀਰ ਸਿੰਘ ਮਾਨਖੇੜੀ ਪਿੰਡ ਵਿੱਚ ਮੁਫ਼ਤ ਚੈਕਅੱਪ ਕੈਂਪ ਲਗਵਾ ਕੇ ਅਤੇ ਲੋੜਮੰਦਾਂ ਦੀ ਮੱਦਦ ਕਰਕੇ ਸਮਾਜ ਸੇਵਾ ਵਿੱਚ ਪਹਿਲਾਂ ਵੀ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਮਾਜ ਸੇਵੀ ਬਲਬੀਰ ਸਿੰਘ ਸਰਪੰਚ ਮਾਨਖੇੜੀ ਨੇ ਕਿਹਾ ਕਿ ਅਜਿਹੇ ਲੋਕ ਭਲਾਈ ਦੇ ਕੰਮ ਕਰਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਉਹ ਅੱਗੋਂ ਵੀ ਲਗਾਤਾਰ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੋਕੇ ਪੰਚ ਹਰਜਿੰਦਰ ਸਿੰਘ, ਵਰਿੰਦਰ ਸਿੰਘ, ਸਕੂਲ ਅਧਿਆਪਕਾ ਕੁਲਵੀਰ ਕੌਰ, ਦਲਬਾਰਾ ਸਿੰਘ, ਜਸਵਿੰਦਰ ਸਿੰਘ, ਚੌਕੀਦਾਰ ਸੋਮ ਨਾਥ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਸੇਵੀ ਬਲਬੀਰ ਸਿੰਘ ਸਰਪੰਚ ਮਾਨਖੇੜੀ ਦਾ ਸਕੂਲ ਸਟਾਫ਼ ਵੱਲੋਂ ਸਨਮਾਨ



