ਫ਼ਰੁਖ਼ਾਬਾਦ ਘਰਾਣੇ ਦੀ ਰਿੰਪਾ ਸਿਵਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ, 28 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਖ਼ਾਲਸਾ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਯਤਨਾਂ ਸਦਕਾ ਸੰਗੀਤਮਈ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਤਬਲਾ ਵਾਦਕ ਰਿੰਪਾ ਸਿਵਾ (ਫ਼ਰੁਖ਼ਾਬਾਦ ਘਰਾਣਾ), ਡਾ. ਕਸ਼ਮੀਰ ਸਿੰਘ ਡਾਇਰੈਕਟਰ-ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਜਗਮੋਹਨ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਸਰਕਾਰੀ ਕਾਲਜ (ਲੜਕੀਆਂ), ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਜ਼ਿਕਰਯੋਗ ਹੈ ਕਿ ਰਿੰਪਾ ਸਿਵਾ ਕਲਕੱਤੇ ਦੇ ਵਸਨੀਕ ਹਨ ਅਤੇ ਬਚਪਨ ਤੋਂ ਹੀ ਇਸ ਖੇਤਰ ਨਾਲ ਜੁੜੇ ਹੋਏ ਹਨ। ਇਸ ਸ਼ਾਮ ਵਿੱਚ ਪ੍ਰਕਸ਼ਨ ਦੀ ਮੁਹਾਰਤ ਹਾਸਲ ਰਿੰਪਾ ਸਿਵਾ ਨੇ ਤਬਲਾ ਵਾਦਨ ਦੀ ਉਤਮ ਪੇਸ਼ਕਾਰੀ ਕਰਦੇ ਹੋਏ ਤਬਲੇ ਦੀਆਂ ਡੂਘਾਈਆਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਤਬਲੇ ਦੀ ਫਿਲਮੀ ਗਾਣਿਆਂ ਦੀਆਂ ਧੁਨਾ ‘ਤੇ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਵਿਚ ਸੰਗੀਤ ਦੀ ਬਹੁਤ ਵੱਡੀ ਭੂਮਿਕਾ ਹੈ। ਭਾਈ ਮਰਦਾਨਾ ਜੀ ਜਿੱਥੇ ਇਕ ਸੱਚੇ ਸੇਵਕ ਸਨ ਉਥੇ ਉਹ ਸੱਚੇ ਰਬਾਬੀ (ਸਾਜਿੰਦੇ) ਵੀ ਸਨ। ਉਨ੍ਹਾਂ ਕਿਹਾ ਕਿ ਸੰਗੀਤ ਸਾਨੂੰ ਵਿਰਸੇ ਵਿਚ ਮਿਲਿਆ ਹੈ ਅਤੇ ਸਾਨੂੰ ਸੰਗੀਤਕ ਸ਼ਾਮਾਂ ਵਿਚ ਸ਼ਾਮਲ ਹੋ ਕੇ ਆਪਣੇ ਜੀਵਨ ਮਨੋਰਥ ਦੇ ਨੇੜੇ ਹੋਣ ਦਾ ਮੌਕਾ ਮਿਲਦਾ ਹੈ। ਵਿਸ਼ੇਸ਼ ਸੱਦੇ ਤੇ ਪਹੁੰਚੇ ਡਾ. ਜਗਮੋਹਨ ਸ਼ਰਮਾ ਜੀ ਨੇ ਕਿਹਾ ਕਿ ਤਬਲਾ ਸੰਗੀਤਕ ਸਾਜ਼ਾਂ ਵਿਚੋਂ ਅਹਿਮ ਸਾਜ਼ ਹੈ ਇਸ ਤੋਂ ਬਿਨ੍ਹਾ ਕੋਈ ਵੀ ਧੁਨ ਪੂਰੀ ਨਹੀਂ ਹੋ ਸਕਦੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ, ਵਿਭਾਗ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਗੀਤ ਵਿਚ ਤਬਲਾ ਵਾਦਨ ਦੀ ਆਪਣੀ ਇਕ ਜਗ੍ਹਾ ਹੈ ਜਿਸ ਤਰ੍ਹਾਂ ਇਕ ਫੁਲਵਾੜੀ ਵਿਚ ਵੱਖ ਵੱਖ ਤਰ੍ਹਾਂ ਦੇ ਫੁੱਲ ਮਿਲਾ ਕੇ ਗੁਲਦਸਤਾ ਬਣਦਾ ਹੈ ਉਸੇ ਤਰ੍ਹਾਂ ਵੱਖ ਵੱਖ ਸ਼ਾਜਾਂ ਨੂੰ ਮਿਲਾ ਕੇ ਸੰਗੀਤ ਬਣਦਾ ਹੈ। ਸੰਗੀਤ ਵਿਅਕਤੀ ਨੂੰ ਮਾਨਸਿਕ ਪੱਖ ਤੋਂ ਤਰੋ-ਤਾਜ਼ਾ ਕਰਦਾ ਹੈ ਉਥੇ ਨਾਲ ਹੀ ਵਿਵਾਹਰਕ ਪੱਖ ਤੋਂ ਵੀ ਬਹੁਤ ਕੁਝ ਪ੍ਰਦਾਨ ਕਰਦਾ ਹੈ। ਡਾ. ਉਭਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸੰਗੀਤ ਦੇ ਵਿਦਿਆਰਥੀਆਂ ਲਈ ਭਵਿੱਖ ਮੁਖੀ ਚੁਣੌਤੀਆਂ ਨੂੰ ਦੂਰ ਕਰਨਗੀਆਂ ਅਤੇ ਸਫ਼ਲਤਾ ਦੇ ਰਸਤੇ ਖੋਲਣਗੀਆਂ। ਇਸ ਮੌਕੇ ਵਿਸ਼ੇਸ਼ ਸੱਦੇ ਤੇ ਆਏ ਮਹਿਮਾਨ ਡਾ. ਕੁਲਵਿੰਦਰ ਸਿੰਘ ਸੋਹਲ, ਪ੍ਰੋ. ਹੁਕਮ ਚੰਦ, ਡਾ. ਡੇਜ਼ੀ ਵਾਲੀਆ, ਰਾਜਨ ਨਰੂਲਾ, ਪ੍ਰੋ. ਅੱਛਰੂ ਸਿੰਘ (ਸ਼੍ਰੋਮਣੀ ਸਾਹਿਤਕਾਰ) ਅਤੇ ਕਾਲਜ ਤੋਂ ਡਾ. ਜਸਲੀਨ ਕੌਰ ਡਿਪਟੀ ਪ੍ਰਿੰਸੀਪਲ, ਡਾ. ਹਰਵਿੰਦਰ ਕੌਰ, ਡੀਨ, ਸੱਭਿਆਚਾਰਕ ਸਰਗਰਮੀਆਂ, ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ, ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡਾ. ਜਗਜੀਤ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦਾ ਸਭ ਨੇ ਭਰਪੂਰ ਅਨੰਦ ਮਾਣਿਆ।



