ਚੰਡੀਗੜ੍ਹ, 28 ਨਵੰਬਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅਜ ਆਪਣੇ ਦਫਤਰ ਵਿਖੇ ਸੀਨੀਅਰ ਆਈ. ਪੀ. ਐਸ. ਅਧਿਕਾਰੀ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਲ ਬਦਲੀ ਕਾਨੂੰਨ ਸਬੰਧੀ ਲਿਖੀ ਕਿਤਾਬ (ਐਂਟੀ ਡਿਫੈਕਸ਼ਨ ਲਾਅ) ਜਾਰੀ ਕੀਤੀ। ਕਿਤਾਬ ਦੇ ਲੇਖਕ ਸੰਵਿਧਾਨਕ ਅਤੇ ਅਪਰਾਧਿਕ ਕਾਨੂੰਨ ਮਾਮਲਿਆ ਦੇ ਮਾਹਿਰ ਅਤੇ ਪੁਲਿਸ ਪ੍ਰਬੰਧਨ ਵਿਚ ਡਾਕਟਰੇਟ ਹਨ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਭਾਰਤ ਵਿਚ ਸੰਵਿਧਾਨਕ ਲੋਕਤੰਤਰ ਦੇ ਸੰਦਰਭ ਵਿਚ ਦਲ ਬਦਲੀ ਕਾਨੂੰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਲੇਖਕ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਰਾਜਨੀਤੀ ਸ਼ਾਸ਼ਤਰ ਅਤੇ ਸੰਵਿਧਾਨ ਨਾਲ ਸਬੰਧਤ ਕਾਨੂੰਨਾਂ ਦੇ ਖੇਤਰ ਵਿਚ ਜ਼ਿਕਰਯੋਗ ਸਾਹਿਤਕ ਵਾਧਾ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਗੁੰਝਲਦਾਰ ਸੰਵਿਧਾਨਕ ਮੁਦਿਆ ’ਤੇ ਲਿਖਣਾ ਸੌਖਾ ਕੰਮ ਨਹੀਂ ਹੈ ਪਰ ਲੇਖਕ ਨੇ ਸੌਖੇ ਸ਼ਬਦਾਂ ਵਿਚ ਇਹ ਕਿਤਾਬ ਲਿਖ ਕੇ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਪਾਠਕਾਂ ਅਤੇ ਕਾਨੂੰਨ ਦੇ ਮਾਹਿਰਾਂ ਨੂੰ ਇਸ ਕਿਤਾਬ ਤੋਂ ਵਡਮੁੱਲੀ ਜਾਣਕਾਰੀ ਮਿਲੇਗੀ। ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਲ ਬਦਲੀ ਕਾਨੂੰਨ ਪ੍ਰਤੀ ਆਮ ਲੋਕਾਂ ਦੇ ਮਨ ਵਿਚ ਕਈ ਗੁੰਝਲਾ ਅਤੇ ਧਾਰਨਾਵਾਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਵਿਦਿਆਰਥੀ ਹੁੰਦੇ ਹੋਏ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਅਜਿਹੇ ਔਖੇ ਅਤੇ ਗੁੰਝਲਦਾਰ ਵਿਸ਼ਿਆਂ ਨੂੰ ਸੌਖੇ ਢੰਗ ਨਾਲ ਪੇਸ਼ ਕਰਾਂ। ਉਨ੍ਹਾਂ ਅਗੇ ਕਿਹਾ ਕਿ ਇਸ ਮਹਤਵਪੂਰਨ ਵਿਸ਼ੇ ਨੂੰ ਆਸਾਨ ਤਰੀਕੇ ਨਾਲ ਪੇਸ਼ ਕਰਨ ਦੀ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਤਾਬ ਦੇ ਵਿਸ਼ੇ ਨੂੰ ਹੋਰ ਸਪੱਸ਼ਟ ਕਰਨ ਦੇ ਮਕਸਦ ਨਾਲ ਲਾਭ ਵਾਲੇ ਅਹੁਦੇ (ਆਫਿਸ ਆਫ ਪਰਾਫਿਟ) ਵਿਸ਼ੇ ਨੂੰ ਵੀ ਆਪਣੀ ਕਿਤਾਬ ਦਾ ਹਿਸਾ ਬਣਾਇਆ ਹੈ। ਇਥੇ ਇਹ ਦਸਣਯੋਗ ਹੈ ਕਿ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੀ.ਐਚ.ਡੀ. ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਲ.ਐਲ.ਬੀ. ਕੀਤੀ ਹੋਈ ਹੈ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿਧੂ ਅਤੇ ਸ਼੍ਰੀ ਸਾਧੂ ਸਿੰਘ ਧਰਮਸੋਤ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਅਜੈਬ ਸਿੰਘ ਭਟੀ, ਡਾ.ਰਾਜਕੁਮਾਰ ਵੇਰਕਾ, ਸ਼੍ਰੀ ਸੁਰਿੰਦਰ ਡਾਬਰ, ਡਾ. ਧਰਮਬੀਰ ਅਗਨੀਹੋਤਰੀ, ਸ਼੍ਰੀ ਦਰਸ਼ਨ ਲਾਲ, ਸ਼੍ਰੀ ਸੁਨੀਲ ਦਤੀ, ਪ੍ਰੋ. ਬਲਜਿੰਦਰ ਕੌਰ, ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ (ਸਾਰੇ ਵਿਧਾਇਕ) ਅਤੇ ਸਾਬਕਾ ਵਿਧਾਇਕ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਵੀ ਹਾਜ਼ਰ ਸਨ।
ਰਾਣਾ ਕੇ.ਪੀ. ਸਿੰਘ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਲਿਖੀ ਕਿਤਾਬ ਜਾਰੀ



