ਬਰੇਟਾ, 28 ਨਵੰਬਰ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਇੱਥੋਂ ਸ਼੍ਰੀ ਅਮ੍ਰਿਤਸਰ ਸਾਹਿਬ ਲਈ ਸਵੇਰ ਵੇਲੇ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਬੱਸ ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਬੰਦ ਕਰ ਦਿੱਤੀ ਗਈ ਹੈ।ਇਸ ਕਾਰਨ ਇਸ ਧਾਰਮਿਕ ਸ਼ਹਿਰ ਲਈ ਜਾਣ ਵਾਲੇ ਮੁਸਾਫਿਰ ਪ੍ਰੇਸ਼ਾਨ ਹੋ ਗਏ ਹਨ। ਇਸ ਸੰਬੰਧੀ ਪੀ.ਆਰ.ਟੀ.ਸੀ. ਬੁਢਲਾਡਾ ਡੀਪੂ ਦੇ ਨਵੇਂ ਮੈਨੇਜਰ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਸ ਬੱਸ ਦੀ ਰਿਕਵਰੀ ਘੱਟ ਚੱਲ ਰਹੀ ਹੈ। ਇਸ ਲਈ ਇਸ ਬੱਸ ਨੂੰ ਬੰਦ ਕੀਤਾ ਗਿਆ ਹੈ। ਜਦਕਿ ਇਸ ਬੱਸ ਤੇ ਜਾਣ ਵਾਲੇ ਕਈ ਰੋਗੀਆਂ ਤੇ ਧਾਰਮਿਕ ਯਾਤਰਾ ਲਈ ਜਾਣ ਵਾਲੇ ਲੋਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਇਹ ਬੱਸ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਚਲਵਾਈ ਗਈ ਸੀ, ਪਰ ਹੁਣ ਇਸ ਨੂੰ ਬੰਦ ਕੀਤੇ ਜਾਣ ਕਾਰਨ ਉਨ੍ਹਾਂ ਵਿੱਚ ਭਾਰੀ ਨਿਰਾਸ਼ਾ ਹੈ। ਇਸ ਰੂਟ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਕਰਨ ਵਾਲਿਆਂ ਵਿੱਚ ਸ਼੍ਰੀ ਅਨੰਦ ਧਾਮ ਦੀ ਮੁਖੀ ਬੀਬੀ ਬਬੀਤਾ ਰਾਣੀ, ਭਾਜਪਾ ਆਗੂ ਨਰਾਇਣ ਦਾਸ ਗਰਗ,ਦੇਵਿੰਦਰ ਕੁਮਾਰ, ਸੁਰਿੰਦਰ ਕੁਮਾਰ,ਕੌਂਸ਼ਲਰ ਸੁਰੇਸ਼ ਬਾਲੀ, ਸਾਬਕਾ ਕੌਂਸ਼ਲਰ ਅਵਤਾਰ ਸਿੰਘ, ਹਰਲਾਜ ਸਿੰਘ,ਰਾਮ ਲਾਲ, ਜਨਤਕ ਆਗੂ ਦਸੌਂਧਾ ਸਿੰਘ ਅਤੇ ਕੁਲਵੰਤ ਸਿੰਘ ਆਦਿ ਨੇ ਇਸ ਰੂਟ ਨੂੰ ਮੁੜ ਚਾਲੂ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਇਹ ਰੂਟ ਤੁਰੰਤ ਨਾ ਚਲਾਇਆ ਗਿਆ ਤਾਂ ਲੋਕ ਸੰਘਰਸ਼ ਕਰਨਗੇ। ਬੀਬੀ ਬਬੀਤਾ ਰਾਣੀ ਅਤੇ ਰਾਮ ਲਾਲ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਬੱਸ ਸੇਵਾ ਲੋਕਾਂ ਦੀ ਸਹੂਲਤ ਲਈ ਹੁੰਦੀ ਹੈ ਨਾ ਕਿ ਕਮਾਈ ਲਈ। ਇਹ ਬੱਸ ਸਰਧਾਲੂਆਂ ਲਈ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾ ਲਈ ਚਲਾਈ ਗਈ ਸੀ, ਜੋ ਕਿ ਪੀ.ਆਰ.ਟੀ.ਸੀ. ਵੱਲੋਂ ਰਿਕਵਰੀ ਨਾ ਹੋਣ ਕਾਰਨ ਬੰਦ ਕਰ ਦਿੱਤੀ ਗਈ ਹੈ।
ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾਂਦੀ ਬੱਸ ਬੰਦ ਕੀਤੇ ਜਾਣ ’ਤੇ ਲੋਕਾਂ ਵਿੱਚ ਰੋਹ- ਮੁੜ ਚਾਲੂ ਕਰਨ ਦੀ ਕੀਤੀ ਮੰਗ



