ਤਰਨਤਾਰਨ, 10 ਜਨਵਰੀ (ਬਲਵਿੰਦਰ ਸਿੰਘ ਬਜਾਜ, ਇਕਬਾਲ ਸਿੰਘ ਸੋਢੀ)- ਸਮਾਜ ਵਿਚ ਵੱਖ-ਵੱਖ ਬੁਰਾਈਆਂ ਪ੍ਰਤੀ ਚੇਤਨਤਾ ਅਤੇ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਸਮਾਜ ਸੇਵੀ ਸੰਸਥਾਵਾਂ ਸਾਕਾਰਾਤਮਕ ਰੋਲ ਅਦਾ ਕਰ ਰਹੀਆਂ ਹਨ ਅਤੇ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਸਮਾਜ ਵਿਚੋਂ ਭਰੂਣ ਹੱਤਿਆ, ਨਸ਼ਿਆਂ, ਦਹੇਜ, ਅਨਪੜ੍ਹਤਾ, ਗਰੀਬੀ ਦੂਰ ਕਰਨ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਧਾਨ ਕਰਨ ਵਾਸਤੇ ਸਮਾਜ ਸੇਵੀ ਸੰਗਠਨਾਂ ਦਾ ਸਹਿਯੋਗ ਦੇਣ। ਇਹ ਵਿਚਾਰ ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਨੇ ਅੱਜ ਬਾਬਾ ਧੰਨਾ ਸਿੰਘ ਐਜੂਕੇਸ਼ਨਲ ਸੁਸਾਇਟੀ ਵੱਲੋਂ ਨੌਸ਼ਹਿਰਾ ਪਨੂੰਆਂ ਵਿਖੇ ਚਲਾਏ ਜਾ ਰਹੇ ਸਿਲਾਈ ਕੱਢਾਈ ਸੈਂਟਰਾਂ ਤੋਂ ਟਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਸਿਲਾਈ ਮਮਸ਼ੀਨਾਂ ਦੀ ਵੰਡ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਨੂੰ ਨਿਰੋਆ ਬਨਾਉਣ ਵਾਸਤੇ ਲੜਕੀਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਗਿਆਨ ਅਤੇ ਸਿੱਖਿਆ ਇਨਸਾਨ ਵਿਚ ਸਵੈ ਭਰੋਸਾ ਅਤੇ ਸਵੈ ਨਿਰਭਰਤਾ ਦੇ ਗੁਣ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਪੜ੍ਹਣ ਨਾਲ ਸਮੁੱਚਾ ਪਰਿਵਾਰ ਪੜ੍ਹਦਾ ਹੈ ਅਤੇ ਪਰਿਵਾਰ
ਦੇ ਮੈਂਬਰਾਂ ਵਿਚ ਸਾਕਾਰਾਤਮਕ ਸੋਚ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੜ੍ਹੀ ਲਿਖੀ ਅਤੇ ਸਵੈ ਨਿਰਭਰ ਔਰਤ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਬਾਖੂਬੀ ਨਿਾਉਣ ਵਿਚ ਸਮਰੱਥ ਹੁੰਦੀ ਹੈ ਅਤੇ ਸਮਾਜ ਵਿਚ ਸਿਰਜਨਾਤਮਕ ਰੋਲ ਅਦਾ ਕਰਦੀ ਹੈ।
ਇਸ ਮੌਕੇ ’ਤੇ ਬਾਬਾ ਧੰਨਾ ਸਿੰਘ ਐਜੂਕੇਸ਼ਨ ਸੁਸਾਇਟੀ ਦੀ ਪ੍ਰਧਾਨ ਬੀਬੀ ਜੁਗਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੰਨਾ ਸਿੰਘ ਸੁਸਾਇਟੀ ਵੱਲੋਂ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਮਦਦ ਨਾਲ ਪਿੰਡ ਕੋਟ ਬੁੱਢਾ, ਝਬਾਲ, ਖਾਲ਼ੜਾ, ਨੌਸ਼ਹਿਰਾ ਪਨੂੰਆਂ, ਸਬਾਜਪੁਰ, ਤੂਤ ਭੰਗਾਲਾ ਵਿਖੇ ਸਿਲਾਈ, ਕੱਢਾਈ ਸੈਂਟਰ ਚਲਾਏ ਜਾ ਰਹੇ ਹਨ, ਜਿੱਥੇ 500 ਦੇ ਲਗਭਗ ਲੜਕੀਆਂ ਨੂੰ ਸਿਲਾਈ, ਕੱਢਾਈ, ਬੁਨਾਈ, ਆਰਟ ਐਂਡ ਕਰਾਫਟ ਅਤੇ ਹੋਰ ਰੋਜਾਨਾ ਜਿੰਦਗੀ ਦੀਆਂ ਵਸਤਾਂ ਬਨਾਉਣ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਸਮਾਗਮ ਦੌਰਾਨ 25 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।