ਮਾਨਸਾ, 10 ਜਨਵਰੀ (ਜਸਪਾਲ ਹੀਰੇਵਾਲਾ)-ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕੋਲਾ ਵੰਡ ਨੂੰ ਲੈ ਕੇ ਪੰਜਾਬ ਤੇ ਹੋਰਨਾਂ ਰਾਜਾਂ ਨਾਲ ਪੱਖਪਾਤ ਕੀਤਾ ਗਿਆ ਹੈ ਅਤੇ ਇਹੋ ਜਿਹੀਆਂ ਕੰਪਨੀਆਂ ਨੂੰ ਕੋਲੇ ਦਾ ਠੇਕਾ ਦਿੱਤਾ ਗਿਆ, ਜਿਨ੍ਹਾਂ ਦਾ ਕੋਲੇ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਹੈ। ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਲੱਖ 80 ਹਜ਼ਾਰ ਕਰੋੜ ਰੁਪਏ ਦਾ ਘਪਲਾ ਜਗ-ਜ਼ਾਹਿਰ ਹੋਣ ਉਪਰੰਤ ਜਦੋਂ ਕੇਸ ਕੋਰਟ ਵਿਚ ਗਿਆ ਤਾਂ ਕਾਂਗਰਸ ਨੇ ਅਗਲੀ ਚਾਲ ਚੱਲਦਿਆਂ ਕਰੀਬ 10 ਹਜ਼ਾਰ ਉਹ ਕਾਗਜ਼ਾਤ ਹੀ ਸਰਕਾਰੀ ਦਫ਼ਤਰ ਤੋਂ ਗਾਇਬ ਕਰਵਾ ਦਿੱਤੇ, ਜਿਨ੍ਹਾਂ ਵਿਚ ਉਨ੍ਹਾਂ ਕੰਪਨੀਆਂ ਦੇ ਨਾਂ ਸਨ, ਜਿਨ੍ਹਾਂ ਨੂੰ ਇਨ੍ਹਾਂ ਵਲੋਂ ਫਾਇਦਾ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕੋਲਾ ਵੰਡ ਵਿਚ ਅਪਣਾਈ ਗਈ ਇਸੇ ਪੱਖਪਾਤ ਵਾਲੀ ਨੀਤੀ ਕਾਰਨ ਪੰਜਾਬ ਦੇ ਨਾਲ-ਨਾਲ ਦੇਸ਼ ਭਰ ਦੇ ਕਈ ਪਾਵਰ ਪਲਾਂਟ ਖਮਿਆਜ਼ਾ ਭੁਗਤ ਰਹੇ ਹਨ ਅਤੇ ਹੁਣ ਪ੍ਰਧਾਨ ਮੰਤਰੀ ਖ਼ੁਦ ਮੰਨਣ ਵੀ ਲੱਗ ਪਏ ਹਨ ਕਿ ਕੋਲਾ ਵੰਡ ਵਿਚ ਕੋਈ ਯੋਗ ਸੁਧਾਰ ਕਰਨ ਵਿਚ ਕਾਂਗਰਸ ਵਾਂਝੀ ਰਹਿ ਗਈ ਹੈ।
ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦੇਸ਼ ਦੇ ਭਵਿੱਖ ਵਿਚ
ਚੰਗੇ ਦਿਨ ਆਉਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਘਪਲਿਆਂ ਦੀ ਕਾਂਗਰਸ ਸਰਕਾਰ ਦਾ ਲੋਕ ਸਭਾ ਚੋਣਾਂ ਵਿਚ ਸਫ਼ਾਇਆ ਹੋਣ ਨਾਲ ਆਪਣੇ-ਆਪ ਚੰਗੇ ਦਿਨ ਆ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੇਸ਼ ਦਾ ਭਵਿੱਖ ਬਹੁਤ ਵਧੀਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਸ਼ਾਮਲਾਟ ਜ਼ਮੀਨਾਂ ਵਿਚ ਘਪਲਾ ਬੇਨਕਾਬ ਕਰਨ ਤੋਂ ਬਾਅਦ ਹੁਣ ਜਿਹੜਾ ਵੀ ਵਿਅਕਤੀ ਇਸ ਤਰ੍ਹਾਂ ਦੇ ਘਪਲੇ ਵਿਚ ਸਾਹਮਣੇ ਆਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਦੀ ਅਗਵਾਈ ਵਿਚ ਦੇਸ਼ ਤਰੱਕੀ ਕਰੇਗਾ, ਇਸ ਲਈ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸਾਥ ਦਿੱਤਾ ਜਾਵੇ।
ਲੋਕ ਸਭਾ ਮੈਂਬਰ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਕੁਲਰੀਆਂ, ਗੋਰਖਨਾਥ, ਭਾਵਾ, ਸ਼ੇਰਖਾਂਵਾਲਾ, ਸੈਦੇਵਾਲਾ, ਸਸਪਾਲੀ ਅਤੇ ਧਰਮਪੁਰਾ ਵਿਖੇ ਸੰਗਤ ਦਰਸ਼ਨ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਦਿਆਂ ਅਪੀਲ ਕੀਤੀ ਕਿ ਸਰਵਪੱਖੀ ਵਿਕਾਸ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਦਿਆਂ, ਉਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਅਤੇ ਪਿੰਡ ਭਾਵਾ ਤੇ ਧਰਮਪੁਰਾ ਵਿਖੇ ਨੰਨ੍ਹੀ ਛਾਂ ਮੁਹਿੰਮ ਤਹਿਤ 40 ਸਿਖਿਆਰਥਣਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਮਸ਼ੀਨਾਂ ਵੀ ਵੰਡੀਆਂ। ਇਸ ਮੌਕੇ ਭਾਵਾ ਦੀ ਸਰਪੰਚ ਸ਼੍ਰੀਮਤੀ ਜਸਵਿੰਦਰ ਦੇਵੀ ਦੀ ਅਗਵਾਈ ਵਿਚ ਕਰੀਬ 35 ਅਤੇ ਪਿੰਡ ਸ਼ੇਰਖਾਂਵਾਲਾ ਵਿਖੇ ਸਰਪੰਚ ਰਣਬੀਰ ਸਿੰਘ ਚਹਿਲ ਦੀ ਅਗਵਾਈ ਵਿਚ ਕਰੀਬ 50 ਵਿਅਕਤੀ ਵੱਖ-ਵੱਖ ਪਾਰਟੀਆਂ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ, ਜਿਨ੍ਹਾਂ ਦਾ ਬੀਬੀ ਬਾਦਲ ਨੇ ਸਿਰੋਪੇ ਪਾਕੇ ਸਵਾਗਤ ਕੀਤਾ। ਉਨ੍ਹਾਂ 57. 12 ਲੱਖ ਦੀ ਲਾਗਤ ਵਾਲੇ ਅੱਪਗ੍ਰੇਡ ਕੀਤੇ ਭਾਵਾ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਸ੍ਰ. ਚਤਿੰਨ ਸਿੰਘ ਸਮਾਓ, ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ, ਐਸ.ਐਸ.ਪੀ. ਸ੍ਰ. ਭੁਪਿੰਦਰ ਸਿੰਘ ਖੱਟੜਾ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ. ਹਰਬੰਤ ਸਿੰਘ ਦਾਤੇਵਾਸ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਸ੍ਰ. ਸਵਰਨ ਸਿੰਘ ਹੀਰੇਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰ. ਮਲਕੀਤ ਸਿੰਘ ਸਮਾਓ, ਸ੍ਰ. ਗੁਰਮੇਲ ਸਿੰਘ ਅਤੇ ਸ੍ਰ. ਹਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।