ਕੈਪਟਨ ਦੀ ਅਗਵਾਈ ’ਚ ਪੰਜਾਬ ਵਜ਼ਾਰਤ ਵੱਲੋਂ ਅਹਿਮ ਫੈਸਲੇ
ਚੰਡੀਗੜ੍ਹ, 22 ਨਵੰਬਰ- ਸਹਿਕਾਰੀ ਸਭਾਵਾਂ ਵਿੱਚ ਗੈਰ-ਜ਼ਰੂਰੀ ਮੁਕੱਦਮੇਬਾਜ਼ੀ ਨੂੰ ਰੋਕਣ ਲਈ ਮੰਤਰੀ ਮੰਡਲ ਨੇ ਪੰਜਾਬ ਰਾਜ ਸਹਿਕਾਰੀ ਸਭਾਵਾਂ ਐਕਟ-1961 ਵਿੱਚ ਕੁਝ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੋਧਾਂ ਨਾਲ ਸਹਿਕਾਰੀ ਸਭਾਵਾਂ ਦੇ ਕੰਮਕਾਜ ਵਿੱਚ ਕੁਸ਼ਲਤਾ ਤੇ ਪਾਰਦਰਸ਼ਤਾ ਨੂੰ ਹੁਲਾਰਾ ਮਿਲੇਗਾ। ਮੰਤਰੀ ਮੰਡਲ ਨੇ ਐਕਟ ਦੀ ਧਾਰਾ 13 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਸਹਿਕਾਰੀ ਸਭਾਵਾਂ ਦੀ ਵੰਡ ਅਤੇ ਰਲੇਵੇਂ ਦਾ ਉਪਬੰਧ ਕੀਤਾ ਗਿਆ ਹੈ ਜਿਸ ਅਨੁਸਾਰ ਰਜਿਸਟਰਾਰ ਇਕ ਤੋਂ ਵੱਧ ਸਭਾਵਾਂ ਦੇ ਰਲੇਵੇਂ ਦੇ ਤਜਵੀਜ਼ਤ ਹੁਕਮਾਂ ਦੇ ਸਬੰਧ ਵਿੱਚ ਸਬੰਧਤ ਸਭਾਵਾਂ ਜਾਂ ਦੇਣਦਾਰ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ। ਇਹ ਇਤਰਾਜ਼ ਕਰਨ ਵਾਲੀਆਂ ਸਹਿਕਾਰੀ ਸਭਾਵਾਂ ਨੂੰ ਰਜਿਸਟਰਾਰ ਦੇ ਫੈਸਲੇ ਵਿਰੁੱਧ ਸਰਕਾਰ ਕੋਲ ਆਪਣਾ ਪੱਖ ਪੇਸ਼ ਕਰਨ ਲਈ ਇਕ ਹੋਰ ਮੌਕਾ ਦੇਣਾ ਨਿਆਂ ਸੰਗਤ ਸਮਝਦੇ ਹੋਏ ਇਹ ਸੋਧ ਪ੍ਰਵਾਨ ਕੀਤੀ ਗਈ।
ਐਕਟ ਦੀ ਧਾਰਾ 19(2) ਵਿੱਚ ਇਕ ਹੋਰ ਸੋਧ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਮੁਤਾਬਕ ਕੋਈ ਸਭਾ ਆਪਣੇ ਕਮੇਟੀ ਮੈਂਬਰ ਨੂੰ ਇਕ ਹੋਰ ਸਭਾ ਜਿਸ ਦੀ ਉਹ ਮੈਂਬਰ ਹੈ, ਦੇ ਕੰਮਕਾਰ ਵਿੱਚ ਵੋਟ ਪਾਉਣ ਲਈ ਨਾਮਜ਼ਦ ਕਰ ਸਕਦੀ ਹੈ। ਮੌਜੂਦਾ ਵਿਵਸਥਾ ਤਹਿਤ ਕਈ ਵਾਰ ਵੋਟ ਪਾਉਣ ਲਈ ਨਾਮਜ਼ਦ ਕਮੇਟੀ ਮੈਂਬਰ ਦੀ ਆਪਣੀ ਸਭਾ ਦੀ ਕਮੇਟੀ ਦੀ ਮਿਆਦ ਪੂਰੀ ਹੋ ਜਾਂਦੀ ਹੈ ਜਿਸ ਨਾਲ ਉਸ ਸਭਾ ਦੀ, ਹੋਰ ਸਭਾ ਜਿਸ ਦੀ ਉਹ ਮੈਂਬਰ ਹੈ, ਦੇ ਕੰਮਕਾਰ ਵਿੱਚ ਨੁਮਾਇੰਦਗੀ ’ਤੇ ਅਸਰ ਪੈਂਦਾ ਹੈ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਮੰਤਰੀ ਮੰਡਲ ਨੇ ਐਕਟ ਦੀ ਧਾਰਾ 19 (2) ਵਿੱਚ ਇਹ ਸੋਧ ਪ੍ਰਵਾਨ ਕੀਤੀ ਗਈ ਕਿ ਸਹਿਕਾਰੀ ਸਭਾ ਕਿਸੇ ਹੋਰ ਸਭਾ ਜਿਸ ਦੀ ਉਹ ਮੈਂਬਰ ਹੈ, ਵਿੱਚ ਵੋਟ ਪਾਉਣ ਲਈ ਆਪਣੇ ਕਿਸੇ ਯੋਗਤਾ ਪੂਰੀ ਕਰਦੇ ਮੈਂਬਰ ਨੂੰ ਨਾਮਜ਼ਦ ਕਰ ਸਕੇ। ਐਕਟ ਦੀ ਧਾਰਾ 26(-ਡੀ) ਅਤੇ ਧਾਰਾ 27 ਵਿੱਚ ਕ੍ਰਮਵਾਰ, ਪ੍ਰਬੰਧਕੀ ਕਮੇਟੀ ਦੇ ਹੋਂਦ ਵਿੱਚ ਨਾ ਰਹਿਣ ਕਾਰਨ ਅਤੇ ਪ੍ਰਬੰਧਕੀ ਕਮੇਟੀ ਨੂੰ ਮੁਅੱਤਲ/ਬਰਖ਼ਾਸਤ ਕੀਤੇ ਜਾਣ ਦੀ ਸੂਰਤ ਵਿੱਚ ਪ੍ਰਸ਼ਾਸ਼ਕ ਨਿਯੁਕਤ ਕੀਤਾ ਜਾਂਦਾ ਹੈ ਜਿਸ ਦੀ ਮਿਆਦ ਬੈਕਿੰਗ ਸਭਾਵਾਂ ਲਈ ਵੱਧ ਤੋਂ ਵੱਧ ਇੱਕ ਸਾਲ ਅਤੇ ਬਾਕੀ ਸਭਾਵਾਂ ਲਈ ਵੱਧ ਤੋਂ ਵੱਧ ਛੇ ਮਹੀਨੇ ਹੋ ਸਕਦੀ ਹੈ।



