ਜੈਤੋ, 21 ਨਵੰਬਰ (ਸਤਵਿੰਦਰਪਾਲ ਸਿੰਘ ਸੱਤੀ)- ਮਹਿਲਾ ਭਾਜਪਾ ਆਗੂ ਦੀ ਸ਼ਿਕਾਇਤ ’ਤੇ ਐਸ.ਸੀ. ਐਕਟ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਗਰ ਕੌਂਸਲ ਜੈਤੋ ਦੇ ਸਾਬਕਾ ਮੀਤ ਪ੍ਰਧਾਨ ਪ੍ਰਦੀਪ ਸਿੰਗਲਾ ਨੂੰ ਅੱਜ ਇਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਜੇਐਮ ਅਜੈ ਮਿੱਤਲ ਨੇ ਸਿੰਗਲਾ ਨੂੰ 5 ਦਸੰਬਰ ਤੱਕ ਅਦਾਲਤੀ ਹਿਰਾਸਤ ਵਿਚ ਰੱਖਣ ਦੇ ਹੁਕਮ ਸੁਣਾਏ। ਸਿੰਗਲਾ ’ਤੇ ਸਾਬਕਾ ਕੌਂਸਲਰ ਰਾਜ ਬਾਲਾ ਪ੍ਰਵਾਨਾ ਨੂੰ ਜਾਤੀਸੂਚਕ ਬੋਲ ਬੋਲਣ, ਉਸ ਧਮਕਾਉਣ, ਕਮਰੇ ਵਿਚ ਬੰਦ ਕਰਨ ਅਤੇ ਜ਼ਮੀਨ ’ਤੇ ਘਸੀਟਣ ਦੇ ਦੋਸ਼ਾਂ ਅਧੀਨ 19 ਨਵੰਬਰ ਨੂੰ ਜੈਤੋ ਪੁਲੀਸ ਸਟੇਸ਼ਨ ਵਿਚ ਪਰਚਾ ਦਰਜ ਹੋਇਆ ਸੀ। ਬੀਤੇ ਦਿਨ ਪੁਲੀਸ ਨੇ ਸਿੰਗਲਾ ਨੂੰ ਲਾਇਨਜ਼ ਆਈ ਕੇਅਰ ਸੈਂਟਰ ’ਚ ਹੋ ਰਹੇ ਇਕ ਸਮਾਗਮ ਤੋਂ ਬਾਅਦ ਚੁੱਕ ਲਿਆ। ਬੀਤੀ ਰਾਤ ਥਾਣੇ ਵਿਚ ਸਿੰਗਲਾ ਨੇ ਸਰੀਰਕ ਤਕਲੀਫ ਹੋਣ ਦੀ ਗੱਲ ਕੀਤੀ ਤਾਂ ਪੁਲੀਸ ਨੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਦਾਖਲ ਕਰਵਾ ਦਿੱਤਾ। ਐਸਐਚਓ ਜੈਤੋ ਭੁਪਿੰਦਰ ਸਿੰਘ ਅਨੁਸਾਰ ਸਿੰਗਲਾ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀ ਜਾਂਚ ਲਈ ਫ਼ਰੀਦਕੋਟ ਭੇਜਿਆ ਗਿਆ। ਸਿੰਗਲਾ ਨੂੰ ਪੁਲੀਸ ਨੇ ਅੱਜ ਫਰੀਦਕੋਟੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਤਾਂ ਉਥੇ ਸਿੰਗਲਾ ਦੇ ਵਿਰੋਧੀ ਬੰਦੇ ਅਤੇ ਸਮਰਥਕ ਹਾਜ਼ਰ ਸਨ।
ਪ੍ਰਦੀਪ ਸਿੰਗਲਾ ਦੋ ਹਫ਼ਤੇ ਖਾਵੇਗਾ ਜੇਲ੍ਹ ਦੀ ਹਵਾ



