June 25, 2026 8:52 am

ਵਿਵਾਦ ਤੋਂ ਬਾਅਦ ਕੇਜਰੀਵਾਲ ਵੱਲੋਂ ਸਰਕਾਰੀ ਬੰਗਲਾ ਲੈਣ ਤੋਂ ਇਨਕਾਰ

ਨਵੀਂ ਦਿੱਲੀ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਡਾ ਸਰਕਾਰੀ ਘਰ ਨਹੀਂ ਲੈਣਗੇ। ਬੀਤੇ ਕੁਝ ਦਿਨਾਂ ਤੋਂ ਕੇਜਰੀਵਾਲ ਦੇ ਸਰਕਾਰੀ ਘਰ ਨਾ ਲੈਣ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਕੇਜਰੀਵਾਲ ਨੇ ਕਿਹਾ ਕਿ ਮੇਰੇ ਕੋਲ ਕਈ ਲੋਕਾਂ ਦੇ ਫ਼ੋਨ ਆਏ, ਜਿਸ ਤੋਂ ਬਾਅਦ ਮੈਂ ਸਰਕਾਰੀ ਘਰ ਨਾ ਲੈਣ ਦਾ ਫ਼ੈਸਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਛੋਟਾ ਘਰ ਭਾਲਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਮਕਾਨ ਲੈਣ ਦੇ ਫੈਸਲੇ ‘ਤੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਸੀ, ਹਾਲਾਂਕਿ ਮਨੀਸ਼ ਸਿਸੌਦੀਆ ਨੇ ਕਿਹਾ ਸੀ ਕਿ ਅਸੀਂ ਸਰਕਾਰੀ ਬੰਗਲੇ ਲਈ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਵੀ.ਆਈ.ਪੀ ਕਲਚਰ ਦੇ ਖਿਲਾਫ਼ ਹਾਂ। ਸਰਕਾਰੀ ਬੰਗਲਾ ਲੈਣ ‘ਤੇ ਕਿਸੇ ਨੂੰ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਉਥੇ ਹੀ ‘ਆਪ’ ਦੇ ਮੰਤਰੀਆਂ ਨੇ ਵੀ ਸਰਕਾਰੀ ਗੱਡੀ ਲੈਣ ਵਿੱਚ ਦੇਰ ਨਹੀਂ ਕੀਤੀ। ਦਿੱਲੀ ਦੇ ਸਾਰੇ ਮੰਤਰੀਆਂ ਨੂੰ ਸਰਕਾਰੀ ਗੱਡੀ ਦੇ ਤੌਰ ‘ਤੇ ਇਨੋਵਾ ਕਾਰ ਮਿਲੀ ਹੈ। ਕੇਜਰੀਵਾਲ ਨੇ ਹੁਣ ਤੱਕ ਸਰਕਾਰ ਗੱਡੀ ਨਹੀਂ ਲਈ ਹੈ। ਮੁੱਖ ਮੰਤਰੀ ਨੇ ਮੀਡੀਆ ਨੂੰ ਕਿਹਾ ਕਿ ਅਸੀਂ ਇਹ ਕਦੇ ਨਹੀਂ ਕਿਹਾ ਸੀ ਕਿ ਅਸੀਂ ਸਰਕਾਰੀ ਗੱਡੀ ਨਹੀਂ ਲਵਾਂਗੇ, ਅਸੀਂ ਤਾਂ ਸਿਰਫ਼ ਇਹ ਕਿਹਾ ਸੀ ਕਿ ਅਸੀਂ ਲਾਲ ਬੱਤੀ ਵਾਲੀ ਗੱਡੀ ਨਹੀਂ ਲਵਾਂਗੇ।

Send this to a friend