June 25, 2026 8:49 am

ਸਿੱਖ ਧਰਮ ਵਿੱਚ ਆਨਲਾਈਨ ਪ੍ਰਸ਼ਾਦਿ ਮੰਗਵਾਉਣ ਲਈ ਕੋਈ ਥਾਂ ਨਹੀਂ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 4 ਜਨਵਰੀ (ਮਨਿੰਦਰ ਸਿੰਘ ਗੋਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅੱਜ ਪੱਤਰਕਾਰਾਂ ਦੇ ਰੂ-ਬਰੂ ਹੋਏ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਗੁਰਪ੍ਰੀਤ ਸਿੰਘ ਮਾਣਕੀ ਜਾਫੀ ਤੇ ਗੁਰਮੀਤ ਸਿੰਘ ਮੰਡੀਆਂ ਰੇਡਰ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਚੌਥੇ ਵਿਸ਼ਵ ਕਬੱਡੀ ਕਪ ਮੌਕੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਖਿਡਾਰੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਨੂੰ ਪ੍ਰਫੁਲਤ ਕਰਨ, ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਤੇ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਰੱਖਣ ਦੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਇਸੇ ਲੜੀ ਤਹਿਤ ਹੀ ਸ਼੍ਰੋਮਣੀ ਕਮੇਟੀ ਨੇ ਅਹਿਮ ਫੈਸਲਾ ਕੀਤਾ ਸੀ ਕਿ ਕੌਮਾਤਰੀ ਪੱਧਰ ਤੇ ਹਾਕੀ ਦੇ ਡਿਗ ਰਹੇ ਮਿਆਰ ਨੂੰ ਉੱਚਾ ਚੁਕਿਆ ਜਾਵੇ, ਸ਼੍ਰੋਮਣੀ ਕਮੇਟੀ ਨੇ ਹਾਕੀ ਦੀਆਂ ਤਿੰਨ ਅਕਾਦਮੀਆਂ ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਵਿਖੇ ਸਥਾਪਤ ਕੀਤੀਆਂ। ਇਨ੍ਹਾਂ ਅਕਾਦਮੀਆਂ ਲਈ ਸਾਬਤ ਸੂਰਤ ਬੱਚਿਆਂ ਦੀ ਚੋਣ ਕਰਨ ਵਾਸਤੇ ਹਾਕੀ ਉਲੰਪੀਅਨ ਸ.ਅਜੀਤਪਾਲ ਸਿੰਘ, ਸ.ਸੁਰਿੰਦਰ ਸਿੰਘ ਸੋਢੀ, ਬ੍ਰਿਗੇਡੀਅਰ ਹਰਚਰਨ ਸਿੰਘ, ਸ.ਰਾਜਪਾਲ ਸਿੰਘ ਆਦਿ ਦੀ ਮੱਦਦ ਨਾਲ 96 ਖਿਡਾਰੀਆਂ ਦੀ ਚੋਣ ਕੀਤੀ ਸੀ, ਜਿੰਨ੍ਹਾਂ ਵਿੱਚੋਂ ਹੁਣ ਟਰਾਇਲ ਦੌਰਾਨ 84 ਬੱਚੇ ਚੰਗੀ ਕਾਰਗੁਜਾਰੀ ਕਰਕੇ ਅੱਗੋ ਖੇਡਲ ਲਈ ਚੁਣੇ ਗਏ, ਇਨ੍ਹਾਂ ਸੀਨੀਅਰ ਤੇ ਜੂਨੀਅਰ ਵਰਗ ਦੇ ਖਿਡਾਰੀਆਂ ਵਿੱਚ ਆਪਸੀ ਮੁਕਾਬਲੇ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਹਾਕੀ ਟੀਮ ਅੱਵਲ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਖਿਡਾਰੀਆਂ ਵਿੱਚੋਂ ਅਪ੍ਰੈਲ ਮਹੀਨੇ ‘ਚ ਇੱਕ ਅੰਤਰਰਾਸ਼ਟਰੀ ਪੱਧਰ ਦੀ ਟੀਮ ਤਿਆਰ ਕਰੇਗੀ ਜੋ ਜਲਦੀ ਹੀ ਦੇਸ਼ ਦੇ ਕੋਨੇ-ਕੋਨੇ ‘ਚ ਆਪਣੀ ਵੱਖਰੀ ਪਹਿਚਾਣ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਸਾਬਤ-ਸੂਰਤ ਹੋਣਗੇ ਤੇ ਇਨ੍ਹਾਂ ਖਿਡਾਰੀਆਂ ਨੂੰ ਵਧੀਆ ਰਿਹਾਇਸ਼, ਖਾਣਾ ਅਤੇ ਲੋੜ ਅਨੁਸਾਰ ਸਹੂਲਤਾਂ ਦੇਣ ਦੇ ਨਾਲ-ਨਾਲ ਇਨ੍ਹਾਂ ਦੀ ਪੜ੍ਹਾਈ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ੁÀਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਿਹਤ ਫਿਟਨਸ ਵਾਸਤੇ ਤਿੰਨਾਂ ਅਕੈਡਮੀਆਂ ਵਿੱਚ ਜਿੰਮ ਵੀ ਸਥਾਪਿਤ ਕੀਤੇ ਜਾਣਗੇ। ਖੇਡਾਂ ਦੀ ਗੱਲਬਾਤ ਤੋਂ ਬਾਅਦ ਉਨ੍ਹਾਂ ਹੋਰਨਾਂ ਪਹਿਲੂਆਂ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਵੱਲੋਂ ਵੱਡਾ ਉਪਰਾਲਾ ਕਰਦਿਆਂ ਨੇਤਰਹੀਨ ਸਿੰਘਾਂ ਲਈ ਬਰੇਲ ਭਾਸ਼ਾ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੋਥੀਆਂ ਦੇ ਰੂਪ ਵਿੱਚ ਸਰੂਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਕੀਤੇ ਪੰਥਕ ਕਾਰਜਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ‘ਸਿੱਖ ਰਤਨ ਐਵਾਰਡ ਨਾਲ ਅਤੇ ਵਿਸ਼ਵ ਪ੍ਰਸਿੱਧ ਹਿਸਟੋਰੀਅਨ ਡਾਕਟਰ ਕ੍ਰਿਪਾਲ ਸਿੰਘ ਜੋ ਸਿੱਖ ਇਤਿਹਾਸ, ਸ੍ਰੋਤ ਦੇ ਸੰਪਾਦਨ ਪ੍ਰੋਜੈਕਟ ਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ ਉਨ੍ਹਾਂ ਵੀ ਪ੍ਰੋਫੈਸਰ ਆਫ਼ ਸਿੱਖ ਇਜ਼ਮ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ 21 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਈ ਅਮਰੀਕ ਸਿੰਘ ਜ਼ਖਮੀ ਪ੍ਰਸਿਧ ਰਾਗੀ ਜੋ ਅਕਾਲ ਚਲਾਣਾ ਕਰ ਗਏ ਹਨ ਉਨ੍ਹਾਂ ਦੇ ਪਰਿਵਾਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਪ੍ਰਚਾਰ ਦੇ ਖੇਤਰ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਚਲਾਏ ਗਏ ਪੱਤਰ-ਵਿਹਾਰ ਕੋਰਸ ਬਾਰੇ ਉਨ੍ਹਾਂ ਦੱਸਿਆ ਕਿ ਹੁਣ
ਇਹ ਕੋਰਸ ਦੋ ਸਾਲ ਦੀ ਥਾਂ ਇੱਕ ਸਾਲ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਅਤੇ ਗੁਰਬਾਣੀ ਤੇ ਅਧਾਰਤ ਇਹ ਪੱਤਰ ਵਿਹਾਰ ਕੋਰਸ ਵਿੱਚ ਪਹਿਲੇ ਸਾਲ ਸਿਖਿਆਰਥੀਆਂ ਦੀ ਗਿਣਤੀ 4500 ਸੀ, ਤੇ ਹੁਣ 16500 ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਜੀਫਾ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਸਕੂਲੀ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਜਿਸ ਵਿੱਚ ਇਸ ਵਾਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਿਲਚਸਪੀ ਦਿਖਾਈ ਹੈ ਤੇ ਇਸ ਵਾਰ ਧਾਰਮਿਕ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ 62 ਹਜ਼ਾਰ ਹੈ। ਉਨ੍ਹਾਂ ਦੱਸਿਆ ਕਿ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਵਜੀਫੇ ਤੇ ਇਨਾਮ ਦਿੱਤੇ ਜਾਂਦੇ ਹਨ। ਭਾਰਤ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੇ ਮੁੱਲ ‘ਚ ਵਾਰ-ਵਾਰ ਕੀਤੇ ਵਾਧੇ ਬਾਰੇ ਜਿਕਰ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜਾਨਾਂ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ  ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਲੱਖਾਂ ਸ਼ਰਧਾਲੂ ਪ੍ਰਸ਼ਾਦਾ ਛਕਦੇ ਹਨ ਤੇ ਪ੍ਰਸ਼ਾਦਾ ਤਿਆਰ ਕਰਨ ਲਈ ਇਕੱਲੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਹੀ 5 ਹਜ਼ਾਰ ਤੋਂ ਵੱਧ ਗੈਸ ਸਿਲੰਡਰ ਲੱਗਦੇ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ 77 ਗੁਰਦੁਆਰਾ ਸਾਹਿਬਾਨ ਵਿੱਚ 15 ਹਜਾਰ 5 ਸੌ ਗੈਸ ਸਿਲੰਡਰਾਂ ਦੀ ਪ੍ਰਤੀ ਮਹੀਨਾ ਲਾਗਤ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਤੇ ਮਿਲਦੇ ਗੈਸ ਸਿਲੰਡਰ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਤੀ ਮਹੀਨਾ 86 ਲੱਖ 47 ਹਜਾਰ 6 ਸੌ 24 ਰੁਪਏ ਮਾਸਕ ਖਰਚ ਕਰਨੇ ਪੈਂਦੇ ਸਨ ਤੇ ਸਾਲਾਨਾ 10 ਕਰੋੜ 37 ਲੱਖ 71 ਹਜਾਰ 4 ਸੌ 88 ਰੁਪਏ ਲੱਗਦੇ ਸਨ। ਜੋ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ ਉੱਪਰ ਸਬਸਿਡੀ ਖਤਮ ਕਰਨ ਨਾਲ ਸ਼੍ਰੋਮਣੀ ਕਮੇਟੀ ਨੂੰ ਇਕ ਸਾਲ ਵਿੱਚ 34 ਕਰੋੜ 77 ਲੱਖ 8 ਹਜਾਰ 2 ਸੌ 56 ਰੁਪਏ ਖਰਚ ਕਰਨੇ ਪੈ ਰਹੇ ਹਨ ਜਦੋਂ ਕਿ ਗੁਰੂ-ਘਰਾਂ ਵਿੱਚ ਜਾਤ-ਪਾਤ ਤੇ ਭੇਦ-ਭਾਵ ਬਿਨਾਂ ਫਰੀ ਲੰਗਰ ਛਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਬਹੁਤ ਵਾਰ ਲਿਖਿਆ ਗਿਆ, ਪਰ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਹੁਣ ਮੁੜ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਪੈਟਰੋਲੀਅਮ ਮੰਤਰੀ ਐਮ.ਵੀਰੱਪਾ ਮੋਇਲੀ ਨੂੰ ਪੱਤਰ ਲਿਖ ਕੇ ਮੰਗ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਰਾਹਤ ਦਿੰਦਿਆਂ ਸਬਸਿਡੀ ਦਿੱਤੀ ਜਾਵੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਆਨ-ਲਾਈਨ ਪਿੰਨੀ ਪ੍ਰਸਾਦਿ ਭੇਜਣ ਬਾਰੇ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਤੇ ਜਿਹੜੇ ਲੋਕ ਇਸ ਤਰ੍ਹਾਂ ਕਰਕੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ ਉਹ ਲੋਕ ਇਹ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਆਪ ਗੁਰੂ-ਘਰ ਆ ਕੇ ਹੀ ਪ੍ਰਸ਼ਾਦਿ/ਪਿੰਨੀ ਪ੍ਰਸ਼ਾਦਿ ਲੈਣ ਤੇ ਆਪਣੇ ਪਰਿਵਾਰਾਂ ਲਈ ਵੀ ਅਦਬ ਸਤਿਕਾਰ ਨਾਲ ਲੈ ਕੇ ਜਾਣ।  ਇਸ ਮੌਕੇ ਸ.ਰਾਮਪਾਲ ਸਿੰਘ ਬਹਿਣੀਵਾਲ ਤੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਜੋਧ ਸਿੰਘ ਸਮਰਾ ਤੇ ਸ.ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਤੇ ਸ.ਰੂਪ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਤੇ ਸ.ਸੁਰਿੰਦਰ ਸਿੰਘ ਸੋਢੀ, ਸ.ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ, ਸ.ਸਕੱਤਰ ਸਿੰਘ ਮੈਨੇਜਰ ਖੇਡਾਂ ਆਦਿ ਹਾਜ਼ਰ ਸਨ।

Send this to a friend