ਪਟਿਆਲਾ, 9 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਖ਼ਾਲਸਾ ਕਾਲਜ ਪਟਿਆਲਾ ਦੇ ਮੀਡੀਆ ਸੈਂਟਰ ਵੱਲੋਂ ਫੋਟੋਗ੍ਰਾਫ਼ੀ ਅਕੈਡਮੀ ਪਟਿਆਲਾ ਦੇ ਮਿਸਟਰ ਜਤਿੰਦਰ ਕੰਬੋਜ ਦੀ ‘ਫੋਟੋਗ੍ਰਾਫ਼ੀ ਦਾ ਨਿਬੰਧੀਕਰਨ ਅਤੇ ਕਹਾਣੀਕਰਨ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਉਦਘਾਟਨ ਕਾਲਜ ਪਿੰ੍ਰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਕੀਤਾ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਇਸ ਮੌਕੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਫੋਟੋਗ੍ਰਾਫ਼ੀ ਇਕ ਸਿਰਜਣਾਤਮਕ ਪ੍ਰਕ੍ਰਿਆ ਹੈ ਜਿਸ ਦੇ ਜ਼ਰੀਏ ਅਸੀਂ ਰੋਜ਼ਮਰਾ ਦੇ ਤਣਾਵਾਂ ਤੋਂ ਜਿਥੇ ਮੁਕਤ ਹੁੰਦੇ ਹਾਂ ਉਥੇ ਆਪਣੇ ਵਰਤਮਾਨ ਅਤੇ ਅਤੀਤ ਦੀਆਂ ਯਾਦਾਂ ਨੂੰ ਵੀ ਸੰਭਾਲ ਲੈਂਦੇ ਹਾਂ ਅਤੇ ਮਨੁੱਖ ਦੀਆਂ ਲੰਬੇ ਸਮੇਂ ਦੀਆਂ ਇਹੀ ਯਾਦਾਂ ਉਸ ਦੀ ਜ਼ਿੰਦਗੀ ਦਾ ਇਕ ਇਤਿਹਾਸਮਈ ਲੇਖ ਬਣ ਜਾਂਦੀਆਂ ਹਨ। ਡਾ. ਉਭਾ ਨੇ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿਚ ਫੋਟੋਗ੍ਰਾਫ਼ੀ ਇਕ ਬਹੁਤ ਵਿਕਸਤ ਹੋ ਰਿਹਾ ਕਿੱਤਾ ਹੈ ਜਿਸ ਦੀਆਂ ਭਵਿੱਖ ਵਿਚ ਰੁਜ਼ਗਾਰ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਡਾ. ਜਤਿੰਦਰ ਕੰਬੋਜ ਨੇ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਇਕ ਵਿਅਕਤੀ ਦੁਆਰਾ ਇਕ ਈਵੈਂਟ ਸਬੰਧੀ ਲੜੀਵਾਰ ਖਿਚੀਆਂ ਫੋਟੋ ਦੇ ਜ਼ਰੀਏ ਇਕ ਪੂਰਾ ਲੇਖ ਪੇਸ਼ ਕਰਨ ਅਤੇ ਵੱਖ-ਵੱਖ ਵਿਅਕਤੀਆਂ ਦੁਆਰਾ ਕਿਸੇ ਘਟਨਾ ਸਬੰਧੀ ਖਿਚੀਆਂ ਫੋਟੋ ਦੁਆਰਾ ਪੂਰੀ ਕਹਾਣੀ ਪੇਸ਼ ਕਰਨ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਫੋਟੋ ਪੜ੍ਹਨ ਅਤੇ ਖਿੱਚਣ ਦੇ ਵੀ ਗੁਰ ਸਿਖਾਏ। ਕਾਲਜ ਦੇ ਡੀਨ, ਪ੍ਰੈਸ ਐਂਡ ਪਬਲੀਕੇਸ਼ਨ ਡਾ. ਪੁਸ਼ਪਿੰਦਰ ਕੌਰ ਨੇ ਜਤਿੰਦਰ ਕੰਬੋਜ ਦਾ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਵਰਕਸ਼ਾਪ ਦੌਰਾਨ ਮੀਡੀਆ ਸੈਂਟਰ ਦੇ ਮੈਂਬਰ ਅਧਿਆਪਕ ਸਾਹਿਬਾਨ ਡਾ. ਜੀਵੰਤ ਕੌਰ, ਪ੍ਰੋ. ਨਵਦੀਪ ਕੌਰ, ਡਾ. ਸਰਬਜੀਤ ਸਿੰਘ, ਡਾ. ਭਗਵੰਤ ਸਿੰਘ, ਪ੍ਰੋ. ਤੇਜਿੰਦਰ ਕੌਰ, ਪ੍ਰੋ. ਰਜਿੰਦਰ ਕੌਰ ਅਤੇ ਪ੍ਰੋ. ਪੁਨੀਤ ਕੌਰ ਨੇ ਉਚੇਚੇ ਤੌਰ ’ਤੇ ਭਾਗ ਲਿਆ। ਪ੍ਰੋ. ਪ੍ਰਿਤਪਾਲ ਸਿੰਘ ਅਤੇ ਪ੍ਰੋ. ਜਸਪ੍ਰੀਤ ਸਿੰਘ ਬਜਾਜ ਦੇ ਉਚੇਚੇ ਯਤਨਾਂ ਸਦਕਾ ਇਹ ਵਰਕਸ਼ਾਪ ਯਾਦਗਾਰੀ ਹੋ ਨਿਬੜੀ।
ਖ਼ਾਲਸਾ ਕਾਲਜ ਪਟਿਆਲਾ ਵੱਲੋਂ ‘ਫੋਟੋਗ੍ਰਾਫ਼ੀ ਦਾ ਨਿਬੰਧੀਕਰਨ ਅਤੇ ਕਹਾਣੀਕਰਨ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ



