Skip to content
Independent perspectives. Global stories.
BREAKING

ਪਿੰਡ ਘਾਬਦਾਂ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ’ਚ ਮਰੀਜ਼ਾਂ ਨੂੰ ਬਿਜਲੀ ਕੱਟ ਕਾਰਨ ਪ੍ਰੇਸ਼ਾਨੀ

Share this story

ਭਵਾਨੀਗੜ, 9 ਨਵੰਬਰ (ਕ੍ਰਿਸ਼ਨ ਗਰਗ)- ਨੇੜਲੇ ਪਿੰਡ ਘਾਬਦਾਂ ਵਿਖੇ ਸਥਾਪਿਤ ਪੀਜੀਆਈ ਸੈਟੇਲਾਈਟ ਸੈਂਟਰ ਵਿਚ ਪਹੁੰਚੇ ਵੱਡੀ ਗਿਣਤੀ ਵਿਚ ਮਰੀਜਾਂ ਨੂੰ ਅੱਜ ਹਸਪਤਾਲ ਵਿਚ ਬਿਜਲੀ ਕੱਟ ਕਾਰਨ ਪ੍ਰੇਸ਼ਾਨੀ ਝੱਲਣੀ ਪਈ। ਜਿਸ ਕਰਕੇ ਇਲਾਜ਼ ਅਤੇ ਟੈਸਟਾਂ ਲਈ ਪਹੁੰਚੇ ਮਰੀਜਾਂ ਨੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਪ੍ਰਤਿ ਰੋਸ ਪ੍ਰਗਟ ਕੀਤਾ। ਇਸ ਮੌਕੇ ਜਗਤਾਰ ਸਿੰਘ ਵਾਸੀ ਬਰਨਾਲਾ, ਕੁਲਦੀਪ ਸਿੰਘ ਭੀਮਾ ਖੇੜੀ, ਦੇਸ ਰਾਜ ਵਾਸੀ ਸੰਗਰੂਰ ਅਤੇ ਸੁਖਦੇਵ ਸਿੰਘ ਵਾਸੀ ਸਾਰੋਂ ਨਾਂ ਦੇ ਵਿਅਕਤੀਆਂ ਸਮੇਤ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਜਿੰਨਾਂ ਵਿਚ ਔਰਤਾਂ ਵੀ ਸ਼ਾਮਲ ਸਨ ਨੇ ਦੱਸਿਆ ਕਿ ਉਹ ਕੱਲ ਤੋਂ ਇਸ ਹਸਪਤਾਲ ਵਿਚ ਇਲਾਜ਼ ਕਰਵਾਉਣ ਲਈ ਆ ਰਹੇ ਹਨ ਪ੍ਰੰਤੂ ਇੱਥੇ ਹਸਪਤਾਲ ਦੀ ਬਿਜਲੀ ਬੰਦ ਹੋਣ ਅਤੇ ਜਰਨੇਟਰ ਵਿਚ ਤੇਲ ਨਾਂ ਹੋਣ ਤੇ ਸਾਦੇ ਟੈਸਟ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਉਹਨਾਂ ਨੂੰ ਬਿਨਾਂ ਇਲਾਜ਼ ਕਰਾਏ ਮੁੜਨਾ ਪੈ ਰਿਹਾ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਲੋਕਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਅਜਿਹੇ ਚੋਟੀ ਦੇ ਹਸਪਤਾਲ ਖੋਲਦੀ ਹੈ ਤਾਂ ਉਸਦੇ ਪੁੱਖਤਾ ਪ੍ਰਬੰਧਾਂ ਦਾ ਵੀ ਧਿਆਨ ਰੱਖਣਾ ਚਾਹੀਂਦਾ ਹੈ। ਇਸ ਤੋਂ ਇਲਾਵਾ ਕੁਝ ਮਰੀਜਾਂ ਨੇ ਹਸਪਤਾਲ ਵਿਚ ਟੈਸਟਾਂ ਦੀ ਸਹੂਲਤ ਹੋਣ ਦੇ ਬਾਵਜੂਦ ਵੀ ਡਾਕਟਰਾਂ ਤੇ ਹਸਪਤਾਲ ਤੋਂ ਬਾਹਰ ਟੈਸਟ ਕਰਵਾਉਣ ਦੇ ਦੋਸ਼ ਲਾਏ। ਉਕਤ ਪੂਰੇ ਮਾਮਲੇ ਸਬੰਧੀ ਪੱਤਰਕਾਰਾਂ ਨੇ ਜਦੋਂ ਹਸਪਤਾਲ ਦੇ ਮੁੱਖ ਪ੍ਰਬੰਧਕ ਨਾਲ ਮਿਲ ਕੇ ਇਸ ਸਬੰਧੀ ਪੱਖ ਜਾਨਣਾ ਚਾਹਿਆ ਤਾਂ ਉਥੇ ਹਾਜ਼ਰ ਸਕਿਊਰਟੀ ਸਟਾਫ ਨੇ ਕਿਹਾ ਕਿ ਇਸ ਸਮੇਂ ਮੁੱਖ ਡਿਊਟੀ ਤੇ ਕੋਈ ਹਾਜ਼ਰ ਨਹੀਂ ਹੈ। ਇਸ ਤੋਂ ਇਲਾਵਾ ਹਸਪਤਾਲ ਸਟਾਫ ਦੇ ਇੰਚਾਰਜ਼ ਸਰਬਜੀਤ ਸਿੰਘ ਨੇ ਆਪਣਾ ਪੱਖ ਰੱਖਦੇ ਦੱਸਿਆ ਕਿ ਘਾਬਦਾਂ ਹਸਪਤਾਲ ਵਿਚ ਮਰੀਜਾਂ ਲਈ ਸ਼ੁਰੁ ਕੀਤੀ ਗਈ ੳ.ਪੀ.ਡੀ ਸਿਰਫ ਆਰਜੀ ਤੌਰ ਤੇ ਚਲਾਈ ਜਾ ਰਹੀ ਹੈ ਪੀਜੀਆਈ ਚੰਡੀਗੜ ਦੀਆਂ ਸਹੂਲਤਾਂ ਦੇ ਮੁਤਾਬਕ ਹਸਪਤਾਲ ਨੂੰ ਸਿਰਫ 2 ਫੀਸਦੀ ਸਹੂਲਤਾਂ ਹੀ ਪ੍ਰਾਪਤ ਹੋ ਸਕੀਆਂ ਹਨ। ਜਿਸ ਕਾਰਨ ਇੱਥੇ ਜਰਨੇਟਰ ਦਾ ਤੇਲ ਅਤੇ ਹੋਰ ਸਹੂਲਤਾਂ ਮੁੱਖ ਦਫਤਰ ਤੋਂ ਉਹਨਾਂ ਨੂੰ ਮਿਲਣਗੀਆਂ ਤਾਂ ਹੀ ਕੋਈ ਪ੍ਰਬੰਧ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਹਸਪਤਾਲ ਦੇ ਮੁੱਖ ਪ੍ਰਬੰਧਕ ਨਾਲ ਗੱਲਬਾਤ ਕਰਨ ਲਈ ਰਾਬਤਾ ਕਾਇਮ ਨਾਂ ਹੋ ਸਕਿਆ।

WRITTEN BY