ਅੰਮ੍ਰਿਤਸਰ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਰਤ-ਪਾਕਿ ਸਰਹੱਦ ਨਾਲ ਲੱਗਦੀ ਗੁਲਗੜ੍ਹ ਚੌਕੀ ਨੇੜੇ ਹੋਏ ਇੱਕ ਮੁਕਾਬਲੇ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸ਼ਨੀਵਾਰ ਨੂੰ 2 ਪਾਕਿਸਤਾਨੀ ਤਸਕਰਾਂ ਨੂੰ ਢੇਰ ਕਰ ਦਿੱਤਾ। ਹੈਰੋਇਨ ਦੀ ਤਸਕਰੀ ਕਰਨ ਵਾਲੇ ਇਨ੍ਹਾਂ ਸਮਲਗਰਾਂ ਤੋਂ 4 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ 20 ਕਰੋੜ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਤਿੰਨ ਪਾਕਿਸਤਾਨੀ ਤਸਕਰ ਬੀ. ਐੱਸ. ਐਫ. ਦੇ ਗਸ਼ਤ ਕਰਨ ਵਾਲੇ ਗਰੁੱਪ ਨੂੰ ਭਾਰਤੀ ਸਰਹੱਦ ਨੂੰ ਪਾਰ ਕਰਦੇ ਦਿਖਾਈ ਦਿੱਤੇ। ਬੀ. ਐੱਸ. ਐੱਫ. ਦੀ ਪੈਟਰੋਲਿੰਗ ਪਾਰਟੀ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਰੁਕਣ ਲਈ ਕਿਹਾ ਪਰ ਇਹ ਤਸਕਰ ਨਹੀਂ ਰੁਕੇ ਅਤੇ ਭਾਰਤੀ ਖੇਤਰ ਵੱਲ ਅੱਗੇ ਵਧਦੇ ਗਏ ਅਤੇ ਉਨ੍ਹਾਂ ਨੇ ਗੋਲੀਬਾਰੀ ਵੀ ਕੀਤੀ, ਜਿਸ ਦੀ ਜਵਾਬੀ ਕਾਰਵਾਈ ਵਿੱਚ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਵੀਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਦੋ ਤਸਕਰ ਢੇਰ ਹੋ ਗਏ, ਜਦੋਂ ਕਿ ਤੀਜਾ ਤਸਕਰ ਪਾਕਿਸਤਾਨ ਵਾਪਿਸ ਜਾਣ ਵਿੱਚ ਸਫਲ ਰਿਹਾ। ਬੀ. ਐੱਸ. ਐੱਫ. ਦੇ ਡੀ. ਆਈ. ਜੀ. ਨੇ ਦੱਸਿਆ ਕਿ ਬਾਅਦ ਵਿੱਚ ਖੇਤਰ ‘ਚ ਤਲਾਸ਼ੀ ਮੁਹਿੰਮ ਦੌਰਾਨ 2 ਅਣਪਛਾਤੇ ਪਾਕਿਸਤਾਨੀ ਨਾਗਰਿਕਾਂ ਦੀਆਂ ਲਾਸ਼ਾਂ, ਚਾਰ ਕਿੱਲੋ ਹੈਰੋਇਨ, ਇੱਕ ਚੀਨੀ ਆਟੋਮੈਟਿਕ ਪਿਸਤੌਲ, ਬੀ. ਐੱਸ. ਐੱਫ. ਦੇ ਜਵਾਨਾਂ ‘ਤੇ ਚਲਾਈਆਂ ਗਈਆਂ ਗੋਲੀਆਂ ਦੇ ਖਾਲੀ ਖੋਖੇ, 15 ਕਾਰਤੂਸ ਅਤੇ ਇੱਕ ਪਾਕਿਸਤਾਨੀ ਮੋਬਾਇਲ ਸਿਮ ਕਾਰਡ ਬਰਾਮਦ ਕੀਤਾ ਗਿਆ।