June 25, 2026 8:46 am

ਮੋਦੀ ਕਾਲਾ ਧਨ ਵਾਪਿਸ ਲਿਆਉਣਗੇ ਤਾਂ ਹੀ ਦੇਵਾਂਗਾ ਸਮਰਥਨ : ਰਾਮਦੇਵ

ਨਵੀਂ ਦਿੱਲੀ, 4 ਜਨਵਰੀ (ਵਿਸ਼ਵ ਵਾਰਤਾ)-ਯੋਗ ਗੁਰੂ ਬਾਬਾ ਰਾਮਦੇਵ ਨੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਨੂੰ ਖੋਖਲਾ ਕਰ ਰਿਹਾ ਹੈ। ਰਾਮਦੇਵ ਨੇ ਕਿਹਾ ਕਿ ਸਾਡੇ ਕੋਲ ਕਈ ਮੁੱਦੇ ਹਨ, ਜਿਨ੍ਹਾਂ ਵਿਚੋਂ ਅਹਿਮ ਮੁੱਦਿਆਂ ਵਿਚ ਕਾਲਾ ਧਨ ਅਤੇ ਭ੍ਰਿਸ਼ਟਾਚਾਰ ਹਨ। ਰਾਮਦੇਵ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਸਮਰਥਨ ਦੇਣ ਤੋਂ ਪਹਿਲਾਂ ਕਿਹਾ ਕਿ ਮੋਦੀ ਵਿਦੇਸ਼ਾਂ ਵਿਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਅਤੇ ਕਾਲੇ ਧਨ ਨੂੰ ਰਾਸ਼ਟਰੀ ਸੰਪਤੀ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 500 ਤੋਂ 1000 ਰੁਪਏ ਦੇ ਵੱਡੇ ਨੋਟ ਵਾਪਿਸ ਲਿਆਂਦੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦੇਸ਼ੀ ਬੈਂਕਾਂ ਵਿਚ ਇੰਨਾ ਧਨ ਪਿਆ ਹੈ ਕਿ ਜੇਕਰ ਉਹ ਸਭ ਭਾਰਤ ਲਿਆਂਦਾ ਜਾਵੇ ਤਾਂ ਦੇਸ਼ ਦੇ ਹਰ ਪਿੰਡ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਰਾਮਦੇਵ ਨੇ ਮੋਦੀ ਨੂੰ ਇਸ ਸਬੰਧੀ ਸਵਾਲ ਕਰਦੇ ਹੋਏ ਕਿਹਾ ਕਿ ਕਾਲਾ ਧਨ ਵਾਪਸ ਲਿਆਉਣ ਵਿਚ ਉਹ ਕਿਹੜੀ ਨੀਤੀ ਅਪਣਾਉਣਗੇ। ਉਨ੍ਹਾਂ ਕਿਹਾ ਕਿ ਮੇਰੀਆਂ ਸ਼ਰਤਾਂ ਮੰਨਣ ‘ਤੇ ਹੀ ਮੋਦੀ ਨੂੰ ਸਮਰਥਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਤੋਂ ਵੱਡਾ ਖ਼ਤਰਾ ਦੇਸ਼ ਲਈ ਕੋਈ ਨਹੀਂ ਹੈ। ਦੇਸ਼ ਵਿਚ ਆਰਥਿਕ ਤਾਨਾਸ਼ਾਹੀ ਕਾਇਮ ਹੈ ਅਤੇ ਦੇਸ਼ ਨੂੰ ਲੁੱਟਣ ਦਾ ਠੇਕਾ ਕਾਂਗਰਸ ਨੇ ਲਿਆ ਹੈ। ਉਨ੍ਹਾਂ ਕਿਹਾ ਕਿ 250 ਰੁਪਏ ਵਾਲਾ ਸਿਲੰਡਰ 1200 ਰੁਪਏ ਵਿਚ ਕਿਉਂ ਮਿਲ ਰਿਹਾ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਕਾਰਣ ਮਹਿੰਗਾਈ ਵਧੀ ਹੈ।

Send this to a friend