June 25, 2026 8:47 am

ਸੜਕ ਹਾਦਸੇ ਵਿੱਚ 3 ਦੀ ਮੌਤ, 3 ਗੰਭੀਰ ਜ਼ਮਖੀ

ਅੰਮ੍ਰਿਤਸਰ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਅੱਜ ਦੁਪਹਿਰੇ ਜਲੰਧਰ-ਅੰਮ੍ਰਿਤਸਰ ਹਾਈਵੇ ਉੱਪਰ ਸਥਿਤ ਕਸਬਾ ਖਿਲਚੀਆਂ ਵਿਖੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਖਿਲਚੀਆਂ ਅਵਤਾਰ ਸਿੰਘ ਕਾਹਲੋਂ ਨੇ ਦੱਸਿਆ ਕਿ ਇੱਕ ਇੰਡੀਕਾ ਕਾਰ, ਜੋ ਕਿ ਅੰਮ੍ਰਿਤਸਰ ਤੋਂ ਆ ਰਹੀ ਸੀ, ਵਿੱਚ ਦੋ ਮਰਦ ਅਤੇ ਦੋ ਔਰਤਾਂ ਸਵਾਰ ਸਨ। ਜਦੋਂ ਉਹ ਚੰਦੀ ਪੈਲੇਸ ਨਜ਼ਦੀਕ ਪੁੱਜੇ ਤਾਂ ਫੁੱਟਪਾਥ ਤੋਂ ਅਚਾਨਕ ਨਿਕਲੇ ਦੋ ਵਿਅਕਤੀ ਕਾਰ ਨਾਲ ਟਕਰਾਅ ਗਏ ਅਤੇ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੀ ਇੱਕ ਮਿੰਨੀ ਬੱਸ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚ ਸਵਾਰ ਚਾਰੇ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਥਾਣਾ ਮੁਖੀ ਖਿਲਚੀਆਂ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੇ ਅਤੇ 108 ਐਂਬੂਲੈਂਸ ਵਿੱਚ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਭੇਜਿਆ ਗਿਆ, ਜਿਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਜਿਸ ਦਾ ਨਾਂਅ ਬਲਵੰਤ ਸਿੰਘ, ਉਮਰ 75 ਸਾਲ ਹੈ, ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਬਾਕੀ ਜ਼ਖਮੀਆਂ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ, ਮਨਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਵਾਸੀ ਸਮਰਾਲਾ ਚੌਕ ਵਜੋਂ ਹੋਈ, ਜੋ ਕਿ ਘਰੇਲੂ ਪਰਿਵਾਰ ਸੀ। ਕਾਰ ਨਾਲ ਟਕਰਾਉਣ ਵਾਲੇ ਦੋਹਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਲੈਣ ਲਈ ਮੌਕੇ ‘ਤੇ ਡੀ. ਐੱਸ. ਪੀ. ਬਾਬਾ ਬਕਾਲਾ ਜਗਦੇਵ ਰਾਏ ਵੀ ਪਹੁੰਚੇ। ਥਾਣਾ ਖਿਲਚੀਆਂ ਦੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend