ਬਟਾਲਾ, 7 ਨਵੰਬਰ (ਅਰਵਿੰਦਰ ਸਿੰਘ ਮਠਾਰੂ)- ਬਟਾਲਾ ਪੁਲਿਸ ਵੱਲੋਂ ਜਰਾਇਮ ਪੇਸ਼ਾ ਵਿਅਕਤੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਲੱਗੀ ਜਦੋਂ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸ. ਸੁੱਚਾ ਸਿੰਘ ਬੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਹਰਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਅਗਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦੇ 8 ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਅਤੇ 1 ਬੁੱਲਟ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜੋ ਕਿ ਉਸਨੇ ਡੇਰਾ ਬਾਬਾ ਨਾਨਕ, ਧਾਰੀਵਾਲ ਅਤੇ ਸਿਵਲ ਲਾਈਨ ਅੰਮ੍ਰਿਤਸਰ ਦੇ ਇਲਾਕੇ ‘ਚੋਂ ਚੋਰੀ ਕੀਤੇ ਸਨ। ਸ. ਬੱਲ ਨੇ ਦੱਸਿਆ ਕਿ ਦੋਸ਼ੀ ਚੋਰੀਆਂ ਕਰਨ ਦਾ ਆਦੀ ਹੈ, ਜਿਸ ਖਿਲਾਫ ਪਹਿਲਾਂ ਵੀ ਥਾਣਾ ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਸਿਟੀ ਥਾਣਾ ਗੁਰਦਾਸਪੁਰ ਵਿਖੇ ਚੋਰੀ ਦੇ ਮਾਮਲੇ ਦਰਜ ਹਨ। ਸ. ਬੱਲ ਨੇ ਕਿਹਾ ਦੋਸ਼ੀ ਕੋਲੋਂ ਤਫਤੀਸ਼ ਦੌਰਾਨ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਡੀ.ਐਸ.ਪੀ. ਸ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਇਕ ਹੋਰ ਮਾਮਲੇ ਵਿੱਚ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਸ. ਬੱਲ ਨੇ ਦੱਸਿਆ ਕਿ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਕਸ਼ਮੀਰ ਸਿੰਘ ਉਰਫ ਫੱਲੀ ਪੁੱਤਰ ਕਾਕੂ ਵਾਸੀ ਤਲਵੰਡੀ ਨਾਹਰ, ਸਫਰੀ ਪੁੱਤਰ ਫੱਕੂ ਮਸੀਹ ਵਾਸੀ ਨਿੱਕੋ ਰਵਾਲਾ, ਬੂਟਾ ਮਸੀਹ ਪੁੱਤਰ ਕਾਲਾ ਮਸੀਹ ਵਾਸੀ ਫਤਿਹਗੜ੍ਹ ਚੂੜੀਆਂ, ਜਗੀਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਬਾਠ, ਬਚਿੱਤਰ ਸਿੰਘ ਪੁੱਤਰ ਮੱਖਣ ਸਿੰਘ ਵਾਸ ਮੱਤੇਨੰਗਲ, ਸੁਰਜਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਚੱਕ ਸਕੰਦਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 15000 ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੇ ਪੁੱਛਗਿੱਛ ‘ਚ ਮੰਨਿਆ ਹੈ ਕਿ ਉਨ੍ਹਾਂ ਨੇ ਮਿਤੀ 26-27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਰਾਕੇਸ਼ ਕੁਮਾਰ ਪੁੱਤਰ ਨਰੰਜਣ ਦਾਸ ਵਾਸੀ ਮੋਹਲੋਵਾਲੀ ਦੀਆਂ ਦੋ ਮੱਝਾਂ ਅਤੇ 1 ਝੋਟਾ ਚੋਰੀ ਕੀਤਾ ਸੀ, ਜਿਸਨੂੰ ਉਨ੍ਹਾਂ ਪਸ਼ੂ ਮੰਡੀ ਵੱਲਾ ਅੰਮ੍ਰਿਤਸਰ ਵਿਖੇ ਵੇਚ ਦਿੱਤਾ ਸੀ। ਡੀ.ਐਸ.ਪੀ. ਬੱਲ ਨੇ ਦੱਸਿਆ ਕਿ ਮੱਝ ਚੋਰਾਂ ਕੋਲੋਂ ਹੋਰ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਰਾਜ਼ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਬਟਾਲਾ ਪੁਲਿਸ ਵੱਲੋਂ ਮੋਟਰਸਾਈਕਲ ਤੇ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਕਾਬੂ



