ਭਲਾਈ ਮੰਤਰੀ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਘਪਲੇ ਦੇ ਦੋਸ਼ ਹੇਠ 2 ਮੁਅੱਤਲ
ਚੰਡੀਗੜ੍ਹ, 2 ਨਵੰਬਰ- ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਵਿਭਾਗ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਕਰਵਾਏ ਜਾ ਰਹੇ ਵਿਸ਼ੇਸ਼ ਆਡਿਟ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਘਪਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿੱਦਿਅਕ ਭਲਾਈ ਸਕੀਮ ’ਚ ਘਪਲੇ ਦੇ ਦੋਸ਼ ਹੇਠ ਅਤੇ ਘਪਲੇਬਾਜ਼ਾਂ ਦਾ ਸਹਿਯੋਗ ਕਰਨ ਅਤੇ ਆਪਣੀ ਡਿਊਟੀ ’ਚ ਅਣਗਹਿਲੀ ਵਰਤਣ ਦੇ ਦੋਸ਼ ’ਚ ਵਿਭਾਗ ਦੇ 2 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਹਨ। ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਡੀਆਂ ਕਰਮੀਆਂ ਨਾਲ ਗੱਲਬਾਤ ਦੌਰਾਨ ਸ. ਧਰਮਸੋਤ ਨੇ ਦੱਸਿਆ ਕਿ ਵਿਭਾਗ ਨੇ ਮਾਣਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਭਰ ਦੀਆਂ ਸਿੱਖਿਆ ਸੰਸਥਾਵਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫ਼ਾਰ ਐਸ.ਸੀ ਅਤੇ ਓ.ਬੀ.ਸੀ. ਦਾ ਸਾਲ 2011-12 ਤੋਂ 2016-17 ਤਕ ਸਪੈਸ਼ਲ ਆਡਿਟ ਕਰਨ ਦੇ 16 ਜੂਨ, 2017 ਨੂੰ ਦਿੱਤੇ ਗਏ ਆਦੇਸ਼ਾਂ ਅਨੁਸਾਰ ਵਿਤ ਵਿਭਾਗ ਵਲੋਂ ਵਿੱਦਿਅਕ ਸੰਸਥਾਵਾਂ ਦੇ ਰਿਕਾਰਡ ਅਤੇ ਅਕਾਊੁਂਟ ਨੂੰ ਚੈਕ ਕੀਤਾ ਜਾ ਰਿਹਾ ਹੈ ਅਤੇ ਇਹ ਸਪੈਸ਼ਲ ਆਡਿਟ ਨੂੰ 31 ਦਸੰਬਰ, 2017 ਤਕ ਮੁਕੰਮਲ ਕਰ ਦਿੱਤਾ ਜਾਵੇਗਾ। ਘਪਲਿਆਂ ਦਾ ਪਰਦਾਫ਼ਾਸ਼ ਕਰਦਿਆਂ ਭਲਾਈ ਮੰਤਰੀ ਨੇ ਦੱਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫਾਰ ਓ.ਬੀ.ਸੀ. ਸਕੀਮ ਤਹਿਤ ‘ਯੂਨੀਵਰਸਲ ਕਾਲਜ, ਡੇਰਾਬਸੀ’ ਵਲੋਂ 311 ਓ.ਬੀ.ਸੀ. ਦੇ ਜਾਅਲੀ ਵਿਦਿਆਰਥੀਆਂ ਦੇ ਨਾਂ ’ਤੇ 1.18 ਕਰੋੜ ਦਾ ਕਲੇਮ ਭਲਾਈ ਵਿਭਾਗ ਤੋਂ ਕੀਤਾ ਗਿਆ ਸੀ, ਜਿਸ ਵਿੱਚ ਵਿਭਾਗ ਵੱਲੋਂ ਉਚੇਚੀ ਜਾਂਚ ਕੀਤੀ ਗਈ ਅਤੇ ਹੁਣ ਇਸ ਕਾਲਜ ਨੇ 1 ਕਰੋੜ 17 ਲਖ 62 ਹਜ਼ਾਰ ਦੀ ਰਾਸ਼ੀ ਭਲਾਈ ਵਿਭਾਗ ਨੂੰ ਵਾਪਸ ਕਰ ਦਿਤੀ ਹੈ। ਡਿਊਟੀ ’ਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਭਲਾਈ ਵਿਭਾਗ ਦੇ ਮੁੱਖ ਦਫ਼ਤਰ ਦੇ ਤਹਿਸੀਲ ਭਲਾਈ ਅਫ਼ਸਰ ਸਨੀ ਬਜਾਜ ਤੇ ਸੀਨੀਅਰ ਸਹਾਇਕ ਸਤੀਸ਼ ਕੁਮਾਰ ਨੂੰ ਸਸਪੈਂਡ ਕਰਕੇ ਚਾਰਜਸ਼ੀਟ ਕੀਤਾ ਗਿਆ ਹੈ। ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਆਡਿਟ ਦੌਰਾਨ ਫ਼ਿਰੋਜ਼ਪੁਰ ਦੇ ਦੇਵਰਾਜ ਗਰੁੱਪ ਆਫ਼ ਕਾਲਜ਼ਿਜ ਵਲੋਂ ਵੀ ਜਾਅਲੀ ਵਿਦਿਆਰਥੀ ਵਿਖਾ ਕੇ 4.40 ਕਰੋੜ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸੰਸਥਾ ਨੇ 4.40 ਕਰੋੜ ਦੀ ਰਾਸ਼ੀ ਭਲਾਈ ਵਿਭਾਗ ਵੱਲ ਬਕਾਇਆ ਹੋਣ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਕੀਤੀ ਸੀ। ਜਦੋਂ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ’ਤੇ ਇਸ ਸੰਸਥਾ ਦਾ ਵਿਸ਼ੇਸ਼ ਆਡਿਟ ਕਰਵਾਇਆ ਗਿਆ ਤਾਂ ਇਸ ਸੰਸਥਾ ਦਾ 4.40 ਕਰੋੜ ਦੀ ਰਾਸ਼ੀ ਦਾ ਕਲੇਮ ਜਾਅਲੀ ਪਾਇਆ ਗਿਆ। ਭਲਾਈ ਮੰਤਰੀ ਨੇ ਉਕਤ ਦੋਵੇਂ ਸਿੱਖਿਆ ਸੰਸਥਾਵਾਂ ’ਤੇ ਐਫ਼.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮੌਕੇ ਭਲਾਈ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ. ਵੈਂਕਟ ਰਤਨਮ, ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਐਸ.ਸੀ. ਸਬ-ਪਲਾਨ ਸ੍ਰੀ ਰਾਜ ਬਹਾਦਰ ਸਿੰਘ, ਭਲਾਈ ਵਿਭਾਗ ਦੇ ਸਮੂਹ ਸੰਯੁਕਤ ਡਾਇਰੈਕਟਰਜ਼, ਡਿਪਟੀ ਡਾਇਰੈਕਟਰਜ਼ ਅਤੇ ਸਮੂਹ ਜ਼ਿਲ੍ਹਿਆਂ ਦੇ ਭਲਾਈ ਅਫ਼ਸਰ ਹਾਜ਼ਰ ਸਨ।



