ਰਾਮਪੁਰਾ ਫੂਲ, 2 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਪੰਜਾਬ ਵਿੱਚ ਮਾਂ ਬੋਲੀ ਨੂੰ ਬਣਦਾ ਮਾਣ ਸਨਮਾਣ ਦਵਾਉਣ ਲਈ ਚਲਾਏ ਸੰਘਰਸ਼ ਦੌਰਾਨ ਗਿਰਫ਼ਤਾਰ ਕੀਤੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੂੰ ਬੁਠਿੰਡਾ ਦੀਆਂ ਦੋਹੇ ਅਦਾਲਤਾਂ ਨੇ 16 ਨਵੰਬਰ ਤੱਕ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਪੰਜਾਬੀ ਮਾਂ ਬੋਲੀ ਨੂੰ ਸੜ੍ਹਕਾਂ ’ਤੇ ਲੱਗੇ ਰਾਹ ਦਸੇਰਾ ਬੋਰਡਾਂ ਅਤੇ ਪੰਜਾਬ ਦੇ ਸਾਰੇ ਅਦਾਰਿਆਂ ਵਿੱਚ ਪੰਜਾਬੀ ਨੂੰ ਪਹਿਲ ਦੇਣ ਦੇ ਸਬੰਧ ਵਿੱਚ ਕੀਤੇ ਸੰਘਰਸ਼ ਦੌਰਾਨ ਥਾਣਾ ਥਰਮਲ ਪੁਲਿਸ ਵੱਲੋਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੂੰ ਅਦਾਲਤ ਨੰਬਰ 14 ਵਿੱਚ ਮਾਨਯੋਗ ਜੱਜ ਪਰਸਮੀਤ ਰਿਸ਼ੀ ਤੇ ਥਾਣਾ ਗੋਨਿਆਣਾ ਪੁਲਿਸ ਵੱਲੋਂ ਅਦਾਲਤ ਨੰਬਰ 10 ਵਿੱਚ ਜੱਜ ਸ੍ਰ. ਹਰਜਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤਾਂ ਵੱਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਬਾਬਾ ਮਹਿਰਾਜ ਨੂੰ 16 ਨਵੰਬਰ ਤੱਕ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ।ਇਸ ਮੌਕੇ ਬਾਬਾ ਹਰਦੀਪ ਸਿੰਘ ਨੇ ਵਕੀਲ ਹਰਪਾਲ ਸਿੰਘ ਖਾਰਾ ਤੇ ਐਕਸਨ ਕਮੇਟੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਮਾਂ ਬੋਲੀ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਜਮਾਨਤ ਲੈਣ ਦੀ ਬਜਾਏ ਸਲਾਖ਼ਾਂ ਪਿੱਛੇ ਰਹਿਣ ਨੂੰ ਪਹਿਲ ਦੇਣਗੇ, ਅਤੇ ਕਿਸੇ ਵੀ ਕੁਰਬਾਨੀ ਲਈ ਤਿਆਰ ਹਨ। ਇਸ ਮੌਕੇ ਦਲ ਖ਼ਾਲਸਾ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਜਨਰਲ ਸਕੱਤਰ ਭਾਈ ਜੀਵਨ ਸਿੰਘ ਗਿੱਲ ਕਲਾਂ, ਪੰਜਾਬੀ ਮਾਂ ਬੋਲੀ ਸੰਘਰਸ਼ ਕਮੇਟੀ ਵੱਲੋਂ ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ, ਰਾਜਵਿੰਦਰ ਸਿੰਘ ਰਾਏਖਾਨਾ, ਮਾਲਵਾ ਯੂਥ ਫੈਡਰੇਸ਼ਨ ਵੱਲੋਂ ਨਿੱਕਾ ਸਧਾਣਾ ਅਤੇ ਹੋਰ ਪੰਜਾਬੀ ਹਿਤੈਸੀਆਂ ਨੇ ਵੀ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ।
ਪੰਜਾਬ ’ਚ ਮਾਂ ਬੋਲੀ ਪੰਜਾਬੀ ਲਈ ਸੰਘਰਸ਼ ਕਰਨ ’ਤੇ ਬਾਬਾ ਹਰਦੀਪ ਸਿੰਘ ਨੂੰ 16 ਤੱਕ ਬਠਿੰਡਾ ਜੇਲ੍ਹ ਭੇਜਿਆ



