ਮਨੁੱਖੀ ਅਧਿਕਾਰਾਂ ਦਾ ਹਨਨ, ਸਿਰਫ਼ ਸਰਕਾਰੀ, ਗ਼ੈਰ ਸਰਕਾਰੀ, ਦਹਿਸ਼ਤਗਰਦੀ ਅਤੇ ਹਿੰਸਾ ਕਾਰਨ ਹੀ ਨਹੀਂ ਹੋ ਰਿਹਾ ਸਗੋਂ ਮਨੁੱਖੀ ਅਧਿਕਾਰਾਂ ਦੀ ਖੋਹ ਖਿੱਚ ਦਾ ਵੱਡਾ ਕਾਰਨ ਇਸ ਸਮੇਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਦਵਾਈਆਂ (ਡਰੱਗਜ਼) ਬਨਾਉਣ, ਵੰਡਣ ਅਤੇ ਵੇਚਣ ਨਾਲ ਵੀ ਹੋ ਰਿਹਾ ਹੈ। ਜਿਸ ਵੱਡੀ ਪੱਧਰ ‘ਤੇ ਖਾਸ ਕਰਕੇ ਉਤਰੀ ਭਾਰਤ ‘ਚ ਸੈਂਥੇਟਿਕ ਦਵਾਈਆਂ ਸਰਹੱਦ ਪਾਰੋਂ ਆ ਰਹੀਆਂ ਹਨ, ਕੇਂਦਰੀ ਸਰਕਾਰ ਦੀ ਅਰਧ ਸੈਨਿਕ ਫੌਜ, ਬਾਰਡਰ ਸਕਿਊਰਿਟੀ ਫੋਰਸ ਜਿਸ ਉਤੇ ਕਰੋੜਾਂ ਰੁਪਏ ਭਾਰਤੀ ਸਰਹੱਦਾਂ ਦੀ ਰਾਖੀ ਲਈ ਖਰਚੇ ਜਾਂਦੇ ਹਨ, ਦੀ ਸਖ਼ਤ ਨਿਗਰਾਨੀ, ਨਜ਼ਰ ਦੇ ਬਾਵਜੂਦ ਵੀ ਟਨਾਂ ਦੇ ਟਨ ਨਸ਼ਾ ਅਕਸਰ ਪੰਜਾਬ ‘ਚ ਪਹੁੰਚਦਾ ਹੈ ਅਤੇ ਆਮ ਤੌਰ ਉਤੇ ਪੰਜਾਬ ਪੁਲਿਸ ਵਲੋਂ ਹੀ ਫੜਿਆ ਜਾਂਦਾ ਹੈ।ਜੇਕਰ ਬਾਰਡਰ ਸਕਿਉਰਿਟੀ ਫੋਰਸ ਨਸ਼ਿਆਂ ਦੇ ਸਮੱਗਲਰਾਂ ਦੇ ਨੱਕ ਨੂੰ ਨਕੇਲ ਨਹੀਂ ਪਾ ਸਕਦੀ ਤਾਂ ਸ਼ੰਕਾ ਉਪਜਦੀ ਹੈ ਕਿ ਉਹ ਭੀੜ ਪੈਣ ‘ਤੇ ਦੁਸ਼ਮਣਾਂ ਤੋਂ ਸਰਹੱਦਾਂ ਦੀ ਰਾਖੀ ਕਿਵੇਂ ਕਰੇਗੀ? ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੁਝ ਸਥਾਪਿਤ ਦਵਾਈਆਂ ਦੀਆਂ ਕੰਪਨੀਆਂ ਵੱਲੋਂ ਬਣਾਈਆਂ ਅਤੇ ਫਿਰ ਦੋ ਨੰਬਰ ‘ਚ ਵੇਚਣ ਦਾ ਧੰਦਾ ਹੋ ਰਿਹਾ ਹੈ, ਉਹ ਇਤਨਾ ਮਨੁੱਖ ਮਾਰੂ ਹੈ ਕਿ ਮਨੁੱਖ ਦੇ ਸਭ ਤੋਂ ਸਰਵੋਤਮ ਜੀਊਣ ਦੇ ਅਧਿਕਾਰ ਉਤੇ ਵੱਡਾ ਡਾਕਾ ਸਾਬਤ ਹੋ ਰਿਹਾ ਹੈ। ਚੀਜ਼ਾਂ ਜਿਹੜੀਆਂ ਦਵਾਈਆਂ ਦੇ ਰੂਪ ਵਿਚ ਮਨੁੱਖੀ ਸਰੀਰ ਨੂੰ ਲੱਗੀਆਂ ਬੀਮਾਰੀਆਂ ਨੂੰ ਥਾਂ ਸਿਰ ਕਰਨ ਲਈ ਬਣਾਈਆਂ ਵਰਤੀਆਂ ਜਾਂਦੀਆਂ ਹਨ, ਉਹ ਅਸਲ ਵਿਚ ਮਨੁੱਖੀ ਭੋਜਨ ਕਹੀਆਂ ਜਾਂਦੀਆਂ ਹਨ, ਜਦਕਿ ਡਰੱਗ ਸੋਧਿਤ ਨਸ਼ੇ ਨੂੰ ਕਿਹਾ ਜਾਣ ਲੱਗਾ ਹੈ ਜਿਹੜਾ ਕਿ ਇਕ ਰਸਾਇਣ ਹੈ, ਬੀਮਾਰੀ ਨੂੰ ਰੋਕਦਾ ਹੈ, ਖਤਮ ਕਰਦਾ ਹੈ ਅਤੇ ਘਾਤਕ ਬੀਮਾਰੀਆਂ ਤੋਂ ਉਸਨੂੰ ਨਿਜ਼ਾਤ ਦੇਂਦਾ ਹੈ, ਪਰ ਬਹੁਤੀ ਮਾਤਰਾ ਵਿਚ ਲਿਆਂ ਉਹ ਮਨੁੱਖੀ ਸਰੀਰ ਨੂੰ ਖੋਰਦਾ ਹੈ, ਖਤਮ ਕਰਦਾ ਹੈ ਅਤੇ ਇਹ ਮਨੁੱਖੀ ਸਰੀਰ ਲਈ ਨਿਰਾ ਘਾਤਕ ਹੈ । ਭੰਗ, ਸ਼ਰਾਬ, ਅਫੀਮ, ਡੋਡੇ, ਭੁੱਕੀ ਆਦਿ ਪਹਿਲੋਂ ਪਹਿਲ ਤੋਂ ਚੱਲੇ ਉਹ ਨਸ਼ੇ ਹਨ, ਜਿਹੜਾ ਮਨੁੱਖ ਲੰਬੇ ਸਮੇਂ ਤੋਂ ਸੇਵਨ ਕਰਦਾ ਆਇਆ ਹੈ। ਅਤੇ ਇਨ੍ਹਾਂ ਦਾ ਸੇਵਨ ਕਰਨ ਉਪਰੰਤ ਆਪਣੇ ਆਪ ਨੂੰ ਆਨੰਦਤ ਹੋਣ ਦਾ ਭਰਮ ਪਾਲਦਾ ਆਇਆ ਹੈ। ਕੀ ਇਹ ਨਸ਼ੇ ਮਨੁੱਖੀ ਸਰੀਰ ਨੂੰ ਗਾਲਣ ਸਮਾਨ ਨਹੀਂ?
ਅਫ਼ੀਮ, ਮਾਰਫ਼ਿਨ ਦਾ ਕੁਦਰਤੀ ਸਰੋਤ ਹੈ। ਮਾਰਫੀਨ ਆਮ ਤੌਰ ‘ਤੇ ਜ਼ਿਆਦਾ ਸਰੀਰਕ ਦਰਦਾਂ ਤੋਂ ਰਾਹਤ ਲੈਣ ਲਈ ਵਰਤੀ ਜਾਂਦੀ ਹੈ, ਪਰ ਇਸਦੀ ਵਰਤੋਂ ਮਨੁੱਖ ਸਰੀਰ ਲਈ ਆਦਤ ਬਣ ਜਾਂਦੀ ਹੈ। ਮਾਰਫਿਨ ਨੂੰ ਸੈਂਥੇਟਿਕ ਡਰੱਗ ਵਜੋਂ ਵੱਖਰੇ-ਵੱਖਰੇ ਕੰਪਾਊਂਡ ਵਿਚ ਬਦਲਿਆ ਜਾਂਦਾ ਹੈ। ਹੈਰੋਇਨ ਉਨ੍ਹਾਂ ਵਿਚੋਂ ਇਕ ਹੈ। ਮੋਰਫਿਨ ਨੂੰ ਐਸੀਟਿਲ ਐਨਹਾਈਡਰਾਈਡ ਨਾਲ ਮਿਲਾ ਕੇ ਹੈਰੋਇਨ ਬਣਦੀ ਹੈ। ਇਹ ਦਵਾਈ ਸਖ਼ਤ ਸਰਕਾਰੀ ਕੰਟਰੋਲ ਹੇਠ ਬਣਦੀ ਹੈ, ਪਰ ਇਹ ਸੈਂਥੇਟਿਕ ਡਰੱਗ ਗ਼ੈਰ ਕਾਨੂੰਨੀ ਤੌਰ ‘ਤੇ ਬਣਾਈ ਅਤੇ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਕੱਢੀ ਜਾਂਦੀ ਰੂੜੀ ਮਾਰਕਾ ਸ਼ਰਾਬ ਅਤੇ ਸਰਕਾਰ ਵਲੋਂ ਪ੍ਰਵਾਨਤ ਠੇਕਿਆਂ ਉਤੇ ਮਿਲਦੀ ਮਿਲਾਵਟੀ ਸ਼ਰਾਬ, ਪੰਜਾਬ ਵਿੱਚ ਫੈਲੀ ਰਿਸ਼ਵਤ ਖੋਰੀ ਤੇ ਮਿਲਾਵਟ ਖੋਰੀ ਦੇ ਸੁਮੇਲ ਦੀ ਸਭ ਤੋਂ ਵੱਡੀ ਉਦਾਹਰਨ ਹੈ । ਪੰਜਾਬ ‘ਚ ਇਸ ਸਮੇਂ 7000 ਠੇਕੇ ਹਨ ਅਤੇ ਪੰਜਾਬੀ , ਕੇਰਲਾ ਤੋਂ ਬਾਅਦ ਦੂਜੇ ਨੰਬਰ ਦੇ ਸ਼ਰਾਬੀ ਹਨ, ਜਿਹੜੇ ਔਸਤਨ ਪ੍ਰਤੀ ਵਿਅਕਤੀ 4 ਲਿਟਰ ਸ਼ਰਾਬ ਡਕਾਰਦੇ ਹਨ। ਸਾਲ 2011’ਚ ਪੰਜਾਬੀਆਂ ਠੇਕਿਆਂ ਤੋਂ 1173 ਲੱਖ ਲਿਟਰ ਸ਼ਰਾਬ ਦਾ ਸੇਵਨ ਕੀਤਾ।
ਭਾਰਤ ਦੇ ਮਹਾਨ ਪੈਗੰਬਰ ਅਤੇ ਉÎÎÎੱਚ ਕਦਰਾਂ-ਕੀਮਤਾਂ ਵਾਲੇ ਆਗੂ ਨਸ਼ੀਲੇ ਪਦਾਰਥਾਂ ਦੇ ਘੋਰ ਵਿਰੋਧੀ ਰਹੇ ਹਨ। ਮਹਾਤਮਾ ਬੁੱਧ ਦਾ ਕਹਿਣਾ ਹੈ ਕਿ ਜੋ ਵਿਅਕਤੀ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਦਾ ਹੈ ਉਹ ਘੋਰ ਪਾਪ ਕਮਾਉਂਦਾ ਹੈ। ਮਹਾਤਮਾ ਗਾਂਧੀ ਸ਼ਰਾਬ ਨੂੰ ਸੱਪ ਨਾਲੋਂ ਵੀ ਜ਼ਿਆਦਾ ਜ਼ਹਿਰੀਲੀ ਮੰਨਦੇ ਹਨ ਜੋ ਵਿਅਕਤੀ ਨੂੰ ਸਰੀਰਕ, ਬੌਧਿਕ, ਨੈਤਿਕ ਅਤੇ ਆਰਥਿਕ ਤੌਰ ‘ਤੇ ਤਬਾਹ ਕਰ ਸੁੱਟਦੀ ਹੈ। ਤਾਂ ਫਿਰ ਲੋਕ ਸਭਾ, ਵਿਧਾਨ ਸਭਾ, ਸਥਾਨਕ ਸਰਕਾਰਾਂ, ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਲੋਕਾਂ ਨੂੰ ਨਸ਼ਿਆਂ ਦੀ ਵੰਡ ਕਰਕੇ ਵੋਟਾਂ ਪ੍ਰਾਪਤ ਕਰਨ ਦਾ ਰੁਝਾਨ ਕਿਥੋਂ ਤੱਕ ਜਾਇਜ਼ ਹੈ ਅਤੇ ਧਾਰਮਿਕ ਸੰਸਥਾਵਾਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਅਨੰਦਪੁਰ ਸਾਹਿਬ ਖ਼ਾਲਸੇ ਦੇ ਜਨਮ ਦਿਹਾੜੇ ‘ਤੇ ਭੰਗ ਵਰਗੇ ਨਸ਼ਿਆਂ ਦੀ ਖੁਲ੍ਹੇਆਮ ਵਰਤੋਂ ਦਾ ਵਰਤਾਰਾ ਕੀ ਸਾਡੀ ਨੌਜਵਾਨ ਪੀੜ੍ਹੀ ਲਈ ਘਾਤਕ ਨਹੀਂ? ਜਿਹੜੇ ਅੱਖੀਂ ਇਸ ‘ਮਹਾਨ’ ਕਾਰਜ ਨੂੰ ਵੇਖਦੇ ਹਨ। ਕੀ ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ ਨੇ ਨਸ਼ਿਆਂ ਦੇ ਇਹੋ ਜਿਹੇ ‘ਜਾਹੋ ਜਲਾਲ’ ਨੂੰ ਕਦੇ ਪ੍ਰਵਾਨਤ ਕੀਤਾ ਜਾਂ ਮਾਨਤਾ ਦਿੱਤੀ? ਅੱਜ ਕਿਰਤੀ ਕਾਮੇ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਹਰ ਉਮਰ ਅਤੇ ਹਰ ਵਰਗ ਦੇ ਲੋਕ ਨਸ਼ਿਆਂ ਦੇ ਕੋਹੜ ਦਾ ਸ਼ਿਕਾਰ ਹੋ ਰਹੇ ਹਨ। ਕਿਧਰੇ ਕੋਈ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਰਿਹਾ ਹੈ, ਕਿਧਰੇ ਸ਼ਰਾਬ ਪੀ ਕੇ ਵਿਰੋਧੀ ਪਾਰਟੀਆਂ ਵਿਚ ਲੜਾਈ-ਝਗੜੇ ਵੱਧ ਰਹੇ ਹਨ, ਕਿਧਰੇ ਡਰਾਈਵਰ ਨਸ਼ੇ ਕਰਕੇ ਬੱਸਾਂ, ਕਾਰਾਂ ਚਲਾਉਂਦੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਦੇ ਅਤਿ ਘਿਨੋਣੇ ਹਾਦਸੇ ਨਸ਼ਿਆਂ ਦੇ ਫਲਸਰੂਪ ਵਾਪਰਦੇ ਰਹਿੰਦੇ ਹਨ। ਤੰਮਾਕੂ, ਸਿਗਰਟ, ਬੀੜੀ, ਜਰਦਾ ਆਦਿ ਅਣਗਿਣਤ ਕਿਸਮ ਦੇ ਕੈਂਸਰ ਦੇ ਜਨਮਦਾਤਾ ਹਨ। ਨਸ਼ੀਲੇ ਕੈਪਸੂਲ, ਟੀਕੇ, ਗੋਲੀਆਂ ਅਤੇ ਆਧੁਨਿਕ ਕਿਸਮ ਦੇ ਨਸ਼ੇ ਹੈਰੋਇਨ, ਹਸ਼ੀਸ਼, ਮਾਰਜੁਆਨਾਂ, ਸਮੈਕ, ਕੋਕੀਨ ਆਦਿ ਦੀ ਅਜੋਕੀ ਪੀੜ੍ਹੀ ਵੱਲੋਂ ਵਰਤੋਂ ਇਸ ਸਮੇਂ ਸਮੁੱਚੇ ਸਮਾਜ ਦੇ ਸੋਚਵਾਨ, ਬੁੱਧੀਜੀਵੀ ਵਰਗ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਨਸ਼ਿਆਂ ਨੇ ਜਿਥੇ ਘਰਾਂ ਦੇ ਘਰ ਪੁੱਟ ਸੁੱਟੇ ਹਨ, ਉਨ੍ਹਾਂ ਦੀ ਆਰਥਿਕ ਹਾਲਤ ਮੰਦੀ ਕਰ ਦਿੱਤੀ ਹੈ, ਉਥੇ ਘਰਾਂ ‘ਚ ਵੈਣ, ਸਿਆਪੇ, ਚੀਕਾਂ, ਵਿਰਲਾਪ ਪੈਦਾ ਕੀਤੇ ਹੋਏ ਹਨ। ਇਸ ਨਸ਼ਿਆਂ ਨੇ ਖਾਸ ਕਰਕੇ ਪੰਜਾਬੀਆਂ ਦੀ ਔਸਤ ਉਮਰ ਘਟਾ ਦਿਤੀ ਹੈ। 50 ਵਰਿਆਂ ਦੀ ਉਮਰ ਚ’ ਹੀ ਨਸ਼ਿਆਂ ਤੋਂ ਪੀੜਤ ਪੰਜਾਬੀ ਬੰਦਾ ਅੱਜ ਵੱਖੋ ਵੱਖਰੀਆਂ ਬੀਮਾਰੀਆਂ ਤੋਂ ਪੀੜਤ ਹੋਕੇ ਮੌਤ ਨੂੰ ਗਲੇ ਲਗਾ ਲੈਂਦਾ ਹੈ, ਜਦਕਿ ਉਤਰੀ ਅਮਰੀਕਾ ਵਰਗੇ ਦੇਸ਼ਾਂ ਦੇ ਲੋਕ 90 ਵਰ੍ਹਿਆਂ ਦੀ ਉਮਰ ਵਿੱਚ ਵੀ ਘੋੜੇ ਵਾਂਗਰ ਭੱਜੇ ਫਿਰਦੇ ਹਨ।
(ਬਾਕੀ ਕੱਲ੍ਹ ਇਸੇ ਸਫ਼ੇ ‘ਤੇ)